Showing posts with label ਮਿੰਨੀ ਕਹਾਣੀਆਂ. Show all posts
Showing posts with label ਮਿੰਨੀ ਕਹਾਣੀਆਂ. Show all posts

Tuesday, 31 January 2017

ਹਨੇਰਾ ਬਚਿੰਤ ਕੌਰ

ਹਨੇਰਾ ਬਚਿੰਤ ਕੌਰ

Image result for punjabi paintings
ਸਰੂਪ ਸਿਉਂ ਨੂੰ ਦਾਗ ਦੇਣ ਪਿੱਛੋਂ ਜਦੋਂ ਅਸੀਂ ਸ਼ਮਸ਼ਾਨ ਭੂਮੀ ਤੋਂ ਬਾਹਰ ਨਿਕਲੀਆਂ ਤਾਂ ਮੈਂ ਸਭ ਤੋਂ ਮੂਰ੍ਹੇ ਸੀ। ‘‘ਨੀ ਖੜ ਜਾ ਬੰਤੀ ਭੈਣ, ਮੈਨੂੰ ਤਾਂ ਆ ਜਾਣ ਦੇ।”
ਸਿਆਮੀ ਨੇ ਛੇਤੀ-ਛੇਤੀ ਡਿੰਘਾਂ ਭਰਦਿਆਂ ਮੈਨੂੰ ਆਵਾਜ਼ ਦਿੱਤੀ। ਮੈਂ ਥਾਉਂ ਦੀ ਥਾਉਂ ਰੁਕਦਿਆਂ ਉਸ ਨੂੰ ਪਿਛੇ ਮੁੜ ਕੇ ਦੇਖਦਿਆਂ ਪੁੱਛਿਆ, ‘‘ਆ ਜਾ ਭੈਣੇ, ਹੁਣ ਤੂੰ ਉਥੇ ਕਾਸ ਨੂੰ ਖੜੀ ਐ?”
‘‘ਤੂੰ ਆ ਮੁੜ ਕੇ ਮੇਰੇ ਕੋਲ ਤੇ ਪੰਪ ਦੇ ਪਾਣੀ ਨਾਲ ਆਪਣੀ ਚੁੰਨੀ ਦਾ ਪੱਲਾ ਧੋ..। ਮੜ੍ਹੀਆਂ ‘ਚੋਂ ਕਦੇ ਪੱਲਾ ਗਿੱਲਾ ਕੀਤੇ ਬਿਨਾਂ ਨਹੀਂ ਘਰ ਨੂੰ ਜਾਈਦਾ..।” ਸਿਆਮੀ ਦੇ ਕਹੇ ਮੈਂ ਮੁੜ ਮੜ੍ਹੀਆਂ ਵਿੱਚ ਲੱਗੇ ਪੰਪ ਨੂੰ ਗੇੜ ਕੇ ਆਪਣੀ ਚੁੰਨੀ ਦੀ ਚੂਕ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਨਿਚੋੜ ਲਿਆ ਤੇ ਸਿਆਮੀ ਨੂੰ ਪੁੱਛਿਆ, ਇਸ ਨਾਲ ਕੀ ਹੁੰਦਾ ਹੈ?
‘‘ਕਦੇ ਇੱਲ ਬਲਾਂ ਪਿੱਛੇ ਨਹੀਂ ਪੈਂਦੀ, ਇਥੇ ਮੜ੍ਹੀਆਂ ਵਿੱਚ ਆ ਕੇ ਕਈ ਤਾਂਤਰਿਕ ਰੂਹਾਂ ਨੂੰ ਕੀਲ ਲੈਂਦੇ ਹਨ..। ਕਈ ਵਾਰੀ ਬੁਰੀਆਂ ਰੂਬਾਂ ਇਥੋਂ ਹੀ ਬੰਦੇ ਦੇ ਨਾਲ ਹੋ ਤੁਰਦੀਆਂ ਹਨ।” ਸਿਆਮੀ ਦੀ ਗੱਲ ਨੇ ਮੇਰੇ ਮਨ ਵਿੱਚ ਇਕ ਭਰਮ ਜਿਹਾ ਪਾ ਦਿੱਤਾ। ਪਰ ਮੈਨੂੰ ਉਸ ਦੀ ਗੱਲ ਉਤੇ ਰੱਤੀ ਭਰ ਯਕੀਨ ਨਹੀਂ ਸੀ। ਇੰਨੇ ਵਿੱਚ ਹੋਰ ਬਹੁਤ ਸਾਰੇ ਲੋਕ, ਜੋ ਸਰੂਪ ਸਿਉਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਨ, ਸ਼ਮਸ਼ਾਨ ਭੂਮੀ ਤੋਂ ਬਾਹਰ ਆ ਗਏ ਤੇ ਜਿਵੇਂ ਵੀ ਕਿਸੇ ਨੂੰ ਠੀਕ ਲੱਗਿਆ ਆਪਣੇ-ਆਪਣੇ ਰਾਹ ਪੈ ਗਏ। ਕਈ ਨੌਜਵਾਨ ਮੋਟਰ ਸਾਈਕਲਾਂ ਉਤੇ ਸਨ। ਕਸਬੇ ਦਾ ਸਰਪੰਚ ਆਪਣੀ ਕਾਰ ਵਿੱਚ ਸੀ ਤੇ ਬਹੁਤ ਸਾਰੇ ਲੋਕ ਪੈਦਲ ਹੀ ਘਰਾਂ ਨੂੰ ਮੁੜ ਰਹੇ ਸਨ।
ਮੈਂ ਅਤੇ ਸਿਆਮੀ ਵੀ ਪੈਦਲ ਹੀ ਆਪਣੇ ‘ਜੀ ਰਾਜ’ ਦੇ ਮੁਹੱਲੇ ਵੱਲ ਨੂੰ ਹੋ ਤੁਰੀਆਂ। ਰਾਹ ਵਿੱਚ ਅੱਧੇ ਮੀਲ ਤੱਕ ਤਾਂ ਹੋਰ ਵੀ ਕਈ ਬੁੜ੍ਹੀਆਂ ਸਾਡੇ ਨਾਲ ਪੈਦਲ ਤੁਰੀਆਂ ਆਈਆਂ ਸਨ, ਪਰ ਜਿਉਂ-ਜਿਉਂ ਉਨ੍ਹਾਂ ਦੇ ਘਰ ਨੇੜੇ ਆਉਂਦੇ ਗਏ, ਉਹ ਸਾਥੋਂ ਅਲੱਗ ਹੁੰਦੀਆਂ ਗਈਆਂ। ਹੁਣ ਤੱਕ ਤਾਂ ਅਸੀਂ ਸਾਰੀਆਂ ਸਰੂਪ ਸਿਉਂ ਬਾਰੇ ਅਤੇ ਉਸ ਦੇ ਪਰਿਵਾਰ ਬਾਰੇ ਗੱਲਾਂ ਕਰਦੀਆਂ ਲੰਬਾ ਪੈਂਡਾ ਲੰਘ ਆਈਆਂ ਸੀ, ਪਰ ਜਦੋਂ ਸਿਆਮੀ ਦੀ ਗਲੀ ਵੀ ਆ ਗਈ ਤਾਂ ਅੱਗੋਂ ਮੈਂ ‘ਜੌੜੀਆਂ ਭੱਠੀਆਂ’ ਤੱਕ ਆਪਣੇ ਘਰ ਤੱਕ ਦਾ ਪੂਰਾ ਰਾਹ ਇਕੱਲੀ ਨੇ ਹੀ ਪਾਰ ਕਰਨਾ ਸੀ। ਉਤੋਂ ਸੰਝ ਦਾ ਹਨੇਰਾ ਪਲੋ-ਪਲੀ ਵਧਦਾ ਜਾ ਰਿਹਾ ਸੀ। ‘‘ਅੱੱਛਾ ਭੈਣ ਬੰਤੀਏ ਫੁੱਲ ਚੁਗਣ ਵਾਲੇ ਦਿਨ ਆਪਾਂ ਸਰੂਪ ਸਿਉਂ ਦੇ ਘਰ ਹੀ ਮਿਲਾਂਗੀਆਂ।” ਇਹ ਕਹਿੰਦਿਆਂ ਸਿਆਮੀ ਵੀ ਮੇਰੇ ਨਾਲੋਂ ਅਲੱਗ ਹੋ ਗਈ। ਮੈਂ ਹੁਣ ਮਨ ਹੀ ਮਨ ਵਾਹਿਗੁਰੂ-ਵਾਹਿਗੁਰੂ ਜਪਦੀ ਆਪਣੇ ਰਾਹ ਤੁਰੀ ਜਾ ਰਹੀ ਸੀ ਕਿ ਅਚਾਨਕ ਮੇਰੀ ਪਿੱਠ ਉਤੇ ਕਿਸੇ ਨੇ ਜ਼ੋਰ ਦਾ ਦੁਹੱਥੜਾ ਮਾਰਿਆ ਤੇ ਨਾਲ ਹੀ ਨਾਲ ਮੇਰੇ ਕੰਨਾਂ ਵਿੱਚ ਇਕ ਭਿਆਨਕ ਆਵਾਜ਼ ਪਈ।
‘‘ਆਹਾ…ਹਾ…ਆਹਾ…ਬੰਤੀ ਤੈਨੂੰ ਮੈਂ ਫੜ ਹੀ ਲਿਆ…।”
ਡਰ ਨਾਲ ਮੇਰੇ ਲੂੰ ਕੰਢੇ ਖੜੇ ਹੋ ਗਏ ਤੇ ਮੇਰੀ ਭੋਰਾ ਵੀ ਹਿੰਮਤ ਨਾ ਪਈ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਕਿ ਮੇਰੀ ਪਿੱਠ ਉਤੇ ਐਨੇ ਜ਼ੋਰ ਦੀ ਦੁਹੱਥੜਾ ਕਿਸ ਨੇ ਮਾਰਿਆ ਹੈ। ਹੁਣ ਪਲੋ ਪਲੀ ਵਧਦਾ ਹਨੇਰਾ ਮੇਰੇ ਸਾਰੇ ਆਲੇ ਦੁਆਲੇ ਨੂੰ ਹੋਰ ਵੀ ਡਰਾਉਣਾ ਬਣਾ ਰਿਹਾ ਸੀ। ਰੱਬ ਦਾ ਭਾਣਾ ਕਿ ਜੌੜੀਆਂ ਭੱਠੀਆਂ ਤੱਕ ਪਹੁੰਚਣ ਤੱਕ ਸਾਰੇ ਰਾਹ ਹੋਰ ਕੋਈ ਬੰਦਾ ਨਾ ਪੈਦਲ, ਨਾ ਸਾਈਕਲ ਉਤੇ ਹੀ ਮੈਨੂੰ ਨਜ਼ਰ ਆਇਆ। ਮੇਰੀ ਗਲੀ ਮੇਰੇ ਸਾਹਮਣੇ ਸੀ, ਪਰ ਮੇਰੇ ਕਦਮ ਥਿੜਕ ਰਹੇ ਸਨ। ਜਿਵੇਂ ਮੇਰੀਆਂ ਲੱਤਾਂ ‘ਚੋਂ ਸਾਰੀ ਸਤਿਆ ਹੀ ਨਿਕਲ ਗਈ ਹੋਵੇ।
ਅਚਾਨਕ ਸਾਡੀ ਗਲੀ ਦਾ ਡੱਬੂ ਕੁੱਤਾ ਤਿ੍ਰਪਤਾ ਭੈਣ ਦੇ ਬੂਹੇ ਮੂਰ੍ਹੇ ਬੈਠਾ ਮੇਰੀ ਨਜ਼ਰੀਂ ਪਿਆ। ਉਸ ਨੂੰ ਦੇਖ ਮੈਨੂੰ ਮਾੜਾ ਜਿਹਾ ਧਰਵਾਸ ਮਿਲਿਆ, ਪਰ ਮੇਰੇ ਦਿਲ ਦੀ ਧੜਕਣ ਤਾਂ ਅਜੇ ਵੀ ਗੱਡੀ ਦੇ ਇੰਜਣ ਵਾਂਗ ਸੁਣਾਈ ਦੇ ਰਹੀ ਸੀ, ਜਦਕਿ ਤਿ੍ਰਪਤਾ ਦਾ ਘਰ ਛੱਡ ਕੇ ਤੀਜਾ ਘਰ ਸਾਡਾ ਹੀ ਸੀ। ਡਰ ਅਤੇ ਘਬਰਾਹਟ ਨਾਲ ਕੰਬਦੀ ਮੈਂ ਰੱਬ-ਰੱਬ ਕਰਦੀ ਮਸਾਂ ਆਪਣੇ ਘਰ ਦੀ ਦੇਲ੍ਹੀ ਅੰਦਰ ਪੈਰ ਰੱਖ ਸਕੀ ਤੇ ਮੁੜ ਕੇ ਬੂਹੇ ਦਾ ਕੁੰਡਾ ਝੱਟ ਬੰਦ ਕਰ ਲਿਆ।
ਹੁਣ ਉਪਰ ਚੁਬਾਰੇ ਦੀ ਖਿੜਕੀ ‘ਚੋਂ ਮੇਰੀਆਂ ਨਜ਼ਰਾਂ ਗਲੀ ਤੋਂ ਬਾਹਰ ਦੂਰ ਤੱਕ ਉਸ ਬੰਦੇ ਨੂੰ ਢੂੰਡਣ ਲੱਗੀਆਂ, ਜਿਸ ਨੇ ਮੇਰੀ ਪਿੱਠ ਵਿੱਚ ਜ਼ੋਰ ਦਾ ਧੱਫਾ ਮਾਰਦਿਆਂ ਮੈਨੂੰ ਕਿਹਾ ਸੀ, ‘‘ਆਹਾ…ਹਾ…ਆਹਾ…ਬੰਤੀ ਤੈਨੂੰ ਮੈਂ ਫੜ ਹੀ ਲਿਆ।”
ਪਰ ਮੈਨੂੰ ਤਾਂ ਹੁਣ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ। ਅੰਦਰੋਂ-ਅੰਦਰੀ ਮੈਂ ਅਜੇ ਤੱਕ ਡਰ ਨਾਲ ਥਰ-ਥਰ ਕੰਬ ਰਹੀ ਸੀ। ‘‘ਕੀ ਹੋਇਆ ਮੰਮੀ, ਪਾਣੀ ਲਿਆਵਾਂ?” ਮੇਰੀ ਧੀ ਸੀਤੋ ਨੇ ਮੇਰੇ ਚਿਹਰੇ ਤੋਂ ਉਡੇ ਮੇਰੇ ਹਾਵ-ਭਾਵ ਦੇਖਦਿਆਂ ਮੈਨੂੰ ਪੁੱਛਿਆ। ‘‘ਨਹੀਂ ਧੀਏ, ਪਹਿਲਾਂ ਮੈਨੂੰ ਸੰਤਾਂ ਦਾ ਪ੍ਰਸ਼ਾਦ ਦੇ ਅੰਦਰੋਂ ਕੱਚ ਦੀ ਕੌਲੀ ਵਿੱਚੋਂ..।” ਸੀਤੋ ਝੱਟ ਪ੍ਰਸ਼ਾਦ ਲੈ ਆਈ। ਮੈਂ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਅੰਦਰੋਂ-ਅੰਦਰੀ ਵਾਹਿਗੁਰੂ ਨੂੰ ਧਿਆਉਣ ਲੱਗੀ। ਸੀਤੋ ਮੈਨੂੰ ਇਸ ਹਾਲ ਦੇਖ ਭੱਜ ਕੇ ਆਪਣੀ ਤਾਈ ਨੂੰ ਹੇਠੋਂ ਸੱਦ ਲਿਆਈ। ‘‘ਦੇਖੋ ਤਾਈ ਜੀ, ਮੰਮੀ ਡਰ ਨਾਲ ਕਿਵੇਂ ਕੰਬ ਰਹੀ ਹੈ?”
ਸੀਤੋ ਸੱਚੀ ਸੀ, ਪਰ ਮੈਂ ਉਸ ਦੇ ਸਾਹਮਣੇ ਆਪਣੀ ਜਠਾਣੀ ਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਮੇਰੀ ਅੱਠ ਨੌਂ ਵਰ੍ਹਿਆਂ ਦੀ ਸੀਤੋ ਉਤੇ ਮੇਰੀ ਹਾਲਤ ਦਾ ਕੋਈ ਗਲਤ ਅਸਰ ਨਾ ਹੋਵੇ। ‘‘ਕੀ ਗੱਲ ਬੰਤੀ, ਤੇਰਾ ਚਿਤ ਤਾਂ ਠੀਕ ਹੈ? ਕੀ ਹੋਇਆ ਤੈਨੂੰ, ਤੂੰ ਮੜ੍ਹੀਆਂ ‘ਚੋਂ ਵਾਪਸ ਮੁੜਦੇ ਸਮੇਂ ਆਪਣੀ ਚੁੰਨੀ ਦੀ ਕੰਨੀ ਤਾਂ ਧੋ ਲਈ ਸੀ?” ਉਸ ਨੇ ਵੀ ਮੈਨੂੰ ਇਹੀ ਸਵਾਲ ਕੀਤਾ, ਜੋ ਸਿਆਮੀ ਨੇ ਕਿਹਾ ਸੀ।
‘‘ਹਾਂ ਭੈਣ, ਪਹਿਲਾਂ ਮੈਂ ਭੁੱਲ ਗਈ ਸੀ, ਫਿਰ ਸਿਆਮੀ ਦੇ ਕਹੇ ਮੁੜ ਕੇ ਅੰਦਰ ਗਈ ਤੇ ਆਪਣੀ ਚੁੰਨੀ ਦੇ ਪੱਲੇ ਨੂੰ ਧੋ ਕੇ ਬਾਹਰ ਆਈ..।” ‘‘ਤਾਂ ਠੀਕ ਐ। ਪਰ ਤੂੰ ਐਨੀ ਘਬਰਾਈ ਹੋਈ ਕਿਉਂ ਹੈ? ਆਜਾ ਹੇਠਾਂ ਆਪਾਂ ਚਾਹ ਬਣਾ ਕੇ ਪੀਂਦੇ ਹਾਂ। ਰੋਟੀ ਵਿੱਚ ਤਾਂ ਹਾਲੇ ਟਾਈਮ ਹੈ।”
ਮੇਰੀ ਜਠਾਣੀ ਨੇ ਮੈਨੂੰ ਢਾਰਸ ਦਿੱਤੀ। ਫਿਰ ਮੈਂ ਹੇਠਾਂ ਹੀ ਉਸ ਦੇ ਨਾਲ ਰੋਟੀ ਪਾਣੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੀ।
ਐਨੇ ਵਿੱਚ ਘਰ ਦੇ ਆਦਮੀ ਵੀ ਕੰਮਾਂ ਕਾਰਾਂ ਤੋਂ ਮੁੜ ਆਏ। ਸਾਰਿਆਂ ਨੇ ਮਿਲ ਕੇ ਰੋਟੀ ਪਾਣੀ ਖਾਧਾ ਤੇ ਪਿੱਛੋਂ ਸਰੂਪ ਸਿਉਂ ਦੀਆਂ ਗੱਲਾਂ ਛੇੜ ਲਈਆਂ। ਮੈਂ ਇਨ੍ਹਾਂ ਗੱਲਾਂ ਤੋਂ ਘਬਰਾ ਰਹੀ ਸੀ ਤੇ ਆਪਣੀ ਰੋਟੀ ਚੁਬਾਰੇ ਵਿੱਚ ਹੀ ਚੁੱਕ ਲਿਆਈ। ਹੇਠਾਂ ਜਠਾਣੀ ਕੋਲ ਬੈਠ ਕੇ ਸਰੂਪ ਸਿਉਂ ਦੀਆਂ ਗੱਲਾਂ ਸੁਣ-ਸੁਣ ਮੈਂ ਘਬਰਾ ਰਹੀ ਸੀ। ਰਾਤ ਭਰ ਮੈਨੂੰ ਮੜ੍ਹੀਆਂ ਵਿਚਲੇ ਵਾਤਾਵਰਣ ਅਤੇ ਓਸ ਮੇਰੀ ਪਿੱਠ ਵਿੱਚ ਵੱਜੇ ਕਿਸੇ ਦੇ ਦੁਹੱਥੜੇ ਨੇ ਬੇਚੈਨ ਕਰੀ ਰੱਖਿਆ, ਜਿਸ ਦੀ ਪੀੜਾ ਅਜੇ ਤੱਕ ਵੀ ਮੇਰੇ ਮੌਰਾਂ ਵਿੱਚ ਹੋ ਰਹੀ ਸੀ। ਸੀਤੋ ਦਾ ਪਾਪਾ ਆਰਾਮ ਨਾਲ ਮੇਰੇ ਲਾਗੇ ਦੂਜੇ ਮੰਜੇ ਉਤੇ ਪਿਆ ਘੁਰਾੜੇ ਮਾਰ ਰਿਹਾ ਸੀ ਤੇ ਮੈਂ ਡਰ ਦੇ ਮਾਰਿਆਂ ਸੀਤੋ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਪਈ ਹੋਈ ਸੀ। ਰਾਤ ਦੇ ਤੀਜੇ ਪਹਿਰ ਤੱਕ ਮੈਨੂੰ ਏਸੇ ਪ੍ਰੇਸ਼ਾਨੀ ਨੇ ਘੇਰੀ ਰੱਖਿਆ। ਸੁਭਹ-ਸਵੇਰੇ ਜਾ ਕੇ ਕਿਧਰੇ ਮੇਰੀ ਮਾੜੀ ਜਿਹੀ ਅੱਖ ਲੱਗੀ।
ਪਹੁ ਫੁਟਾਲੇ ਵਿੱਚ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸੀਤੋ ਦਾ ਭਾਪਾ ਸੀਤੋ ਨੂੰ ਸਾਈਕਲ ਉਤੇ ਸਕੂਲ ਛੱਡਣ ਜਾ ਚੁੱਕਿਆ ਸੀ। ਹੇਠਾਂ ਮੇਰੀ ਜਠਾਣੀ ਨੇ ਸਵੇਰ ਦਾ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਤੋਰ, ਬਹੁਤ ਸਾਰਾ ਕੰਮ ਨਿਬੇੜ ਲਿਆ ਸੀ। ਜਦ ਮੈਂ ਹੇਠਾਂ ਆਈ ਤਾਂ ਮੇਰੀ ਜਠਾਣੀ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਕਿਹਾ, ਬੰਤੀ ਨਹਾ ਧੋ ਕੇ ਅੱਜ ਛੇਤੀ ਤਿਆਰ ਹੋ ਜਾਵੀਂ। ਆਪਾਂ ਦੋਵਾਂ ਨੇ ਕੁਝ ਕੱਪੜੇ ਲੱਤੇ ਖਰੀਦਣ ਬਾਜ਼ਾਰ ਜਾਣਾ ਹੈ, ਗੁਰਮੀਤ ਦੇ ਸਹੁਰਿਆਂ ਨੂੰ ਦੇਣ ਲਈ। ਗੁਰਮੀਤ ਦਾ ਵਿਆਹ ਜੋ ਧਰਿਆ ਹੋਇਆ ਸੀ।
ਨਹਾ ਧੋ ਕੇ ਜਦੋਂ ਮੈਂ ਬਾਜ਼ਾਰ ਜਾਣ ਲਈ ਤਿਾਰ ਹੋਈ ਤਾਂ ਜਿਵੇਂ ਮੇਰੇ ਮਨ ਦਾ ਸਾਰਾ ਡਰ ਲਹਿ ਗਿਆ ਤੇ ਮੈਂ ਖੁਸ਼ੀ-ਖੁਸ਼ੀ ਆਪਣੀ ਅਲਮਾਰੀ ‘ਚੋਂ ਕੁਝ ਕੱਪੜੇ ਖਰੀਦਣ ਵਾਸਤੇ ਪੈਸੇ ਕੱਢ ਕੇ ਪਰਸ ਵਿੱਚ ਪਾ ਲਏ।
ਸਾਡੇ ਪਿੰਡ ਵਿੱਚ ਬਜਾਜੀ ਦੀਆਂ ਤਿੰਨ ਚਾਰ ਹੀ ਦੁਕਾਨਾਂ ਹਨ, ਜਿਥੋਂ ਅਸੀਂ ਅਕਸਰ ਪਿੰਡ ਵਾਲੇ ਕੱਪੜਾ ਲੱਤਾ ਖਰੀਦਦੇ ਹਾਂ। ਜਦੋਂ ਅਸੀਂ ਇਨ੍ਹਾਂ ਦੁਕਾਨਾਂ ‘ਚੋਂ ਪਹਿਲੀ ਦੁਕਾਨ ਦੇ ਅੰਦਰ ਜਾਣ ਲੱਗੀਆਂ ਤਾਂ ਦੇਖਿਆ ਕਿ ਸਰੂਪ ਸਿਉਂ ਦਾ ਸੱਸ ਸਹੁਰਾ ਵੀ ਉਸੇ ਦੁਕਾਨ ਵਿੱਚ ਬੈਠੇ ਕੱਪੜੇ ਖਰੀਦ ਰਹੇ ਸਨ।
ਅਸੀਂ ਗੁਰਮੀਤ ਦੇ ਵਿਆਹ ਲਈ ਕੱਪੜੇ ਖਰੀਦਣੇ ਸਨ, ਇਸ ਕਰਕੇ ਸਾਡੇ ਦੋਵਾਂ ਦੇ ਮਨਾਂ ਵਿੱਚ ਵਹਿਮ ਜਿਹਾ ਆ ਗਿਆ, ਅਸੀਂ ਅਗਲੀ ਦੁਕਾਨ ਵਿੱਚ ਜਾ ਵੜੀਆਂ।
ਅੰਦਰ ਜਾ ਕੇ ਮੇਰੀ ਜਠਾਣੀ ਨੇ ਵਿਆਹ ਵਿੱਚ ਲੈਣ ਦੇਣ ਵਾਲੇ ਕਈ ਸੂਟ ਪਸੰਦ ਕਰ ਲਏ। ਮੈਂ ਵੀ ਆਪਣੇ ਲਈ ਵਿਆਹ ਵਿੱਚ ਪਾਉਣ ਵਾਸਤੇ ਇਕ ਸੂਟ ਪਸੰਦ ਕਰ ਲਿਆ ਹਰੇ ਰੰਗ ਦਾ, ਨਾਲ ਗੋਟੇ ਵਾਲਾ ਦੁਪੱਟਾ।
ਦੋ ਡੂਢ ਘੰਟਾ ਲਾ ਕੇ ਅਸੀਂ ਕੱਪੜੇ ਪਸੰਦ ਕੀਤੇ ਤੇ ਦੁਕਾਨ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਬਾਹਰ ਰੱਖੀ ‘ਡੰਮੀ’ ਨੂੰ ਉਸੇ ਰੰਗ ਦਾ ਸੂਟ ਜੋ ਮੈਂ ਖਰੀਦਿਆ ਸੀ, ਉਹੀ ਦੁਪੱਟਾ ਗੋਟੇ ਵਾਲਾ ਪਹਿਨਾਇਆ ਹੋਇਆ ਸੀ, ਪਰ ਮੈਂ ਦੇਖਿਆ ਜਿਵੇਂ ‘ਡੰਮੀ’ ਦੀਆਂ ਅੱਖਾਂ ‘ਚੋਂ ਅੰਗਿਆਰ ਵਰਸ ਰਹੇ ਹੋਣ। ਮੈਂ ਆਪਣੀ ਜਠਾਣੀ ਵੱਲ ਤੱਕਿਆ ਤੇ ਕਿਹਾ ਭੈਣ, ‘‘ਦੇਖ ਇਹ ਸੂਟ।” ਹਾਂ ਜਮਾਂ ਈ ਤੇਰੇ ਸੂਟ ਵਰਗਾ ਪਰ ਉਸ ਨੂੰ ਵੀ ਲੱਗਿਆ ਜਿਵੇਂ ‘ਡੰਮੀ’ ਦੀਆਂ ਅੱਖਾਂ ‘ਚੋਂ ਅੰਗਿਆਰ ਝੜ ਰਹੇ ਸਨ।
ਅਸੀਂ ਦੋਵੇਂ ਹੈਰਾਨ ਹੁੰਦੀਆਂ ਮੁੜ ਦੁਕਾਨ ਦੇ ਅੰਦਰ ਆਈਆਂ ਤੇ ਦੁਕਾਨਦਾਰ ਨੂੰ ਪੁੱਛਿਆ, ‘‘ਭਾਈ, ਇਹ ਤੂੰ ਕਿਹੋ ਜਿਹੀ ਡਰਾਉਣੀ ‘ਡੰਮੀ’ ਬਾਹਰ ਰੱਖੀ ਹੋਈ ਹੈ, ਜਿਸ ਦੀਆਂ ਅੱਖਾਂ ਅੱਗ ਵਰਸਾਉਂਦੀਆਂ ਨਜ਼ਰ ਆ ਰਹੀਆਂ ਹਨ?”
‘‘ਕਿਹੜੀ ‘ਡੰਮੀ’ ਭੈਣ ਜੀ?” ਉਸ ਨੇ ਸਵਾਲ ਕੀਤਾ ਤੇ ਉਹ ਬਾਹਰ ਤੱਕ ਸਾਡੇ ਨਾਲ ‘ਡੰਮੀ’ ਦੇਖਣ ਆਇਆ। ਦੁਕਾਨ ਦੇ ਬਾਹਰ ਤਾਂ ਹੁਣ ਕੋਈ ‘ਡੰਮੀ’ ਨਹੀਂ ਸੀ। ਅਸੀਂ ਦੋਵੇਂ ਬਹੁਤ ਹੈਰਾਨ ਪ੍ਰੇਸ਼ਾਨ ਚੁੱਪ ਚਾਪ ਦੁਕਾਨਦਾਰ ਵੱਲ ਦੇਖ ਰਹੀਆਂ ਸਾਂ। ਅਸੀਂ ਕੁਝ ਸਮਝ ਨਾ ਸਕੀਆਂ ਕਿ ਇਹ ਸਾਡਾ ਦੋਵਾਂ ਦਾ ਭਰਮ ਹੀ ਸੀ। ਮੈਂ ਆਪਣੇ ਲਿਫਾਫੇ ‘ਚੋਂ ਆਪਣਾ ਨਵਾਂ ਖਰੀਦਿਆਂ ਸੂਟ ਬਾਹਰ ਕੱਢ ਕੇ ਦੇਖਣ ਲੱਗੀ ਕਿ ਸੂਟ ਮੇਰੇ ਲਿਫਾਫੇ ਵਿੱਚ ਹੈ ਕਿ ਨਹੀ।
ਦੇਖਿਆ ਸੂਟ ਜਿਵੇਂ ਮੈਂ ਤਹਿ ਲਾ ਕੇ ਲਿਫਾਫੇ ਵਿੱਚ ਪਾਇਆ ਸੀ, ਉਵੇਂ ਹੀ ਲਿਫਾਫੇ ਵਿੱਚ ਪਿਆ ਸੀ। ਅਸੀਂ ਝੱਟ ਕੋਲੋਂ ਲੰਘ ਰਹੇ ਇਕ ਰਿਕਸ਼ੇ ਵਾਲੇ ਨੂੰ ਰੋਕ ਕੇ ਉਸ ਵਿੱਚ ਬੈਠ ਗਈਆਂ। ਹੁਣ ਅਸੀਂ ਦੋਵੇਂ ਹੀ ਡਰ ਗਈਆਂ ਸੀ। ਰਿਕਸ਼ੇ ਵਿੱਚ ਬੈਠ ਮੈਂ ਪਿੱਛੇ ਦੁਕਾਨ ਵੱਲ ਝਾਤੀ ਮਾਰੀ ਤਾਂ ਉਹ ‘ਡੰਮੀ’ ਉਸੇ ਸੂਟ ਵਿੱਚ ਫਿਰ ਉਥੇ ਹੀ ਦੁਕਾਨ ਦੇ ਬੂਹੇ ਅੱਗੇ ਖੜੀ ਮੈਨੂੰ ਨਜ਼ਰ ਆਈ। ਮੈਂ ਹੈਰਾਨ ਹੁੰਦੀ ਨੇ ਆਪਣੀ ਜਠਾਣੀ ਨੂੰ ਕਿਹਾ, ‘‘ਦੇਖ ਭੈਣ ਉਹ ‘ਡੰਮੀ’ ਸਾਡੇ ਮਗਰ-ਮਗਰ ਤੁਰੀ ਆ ਰਹੀ ਹੈ।” ਪਰ ਮੇਰੀ ਜਠਾਣੀ ਨੂੰ ਕੁਝ ਵੀ ਨਜ਼ਰ ਨਾ ਆਇਆ ਤੇ ਮੈਂ ਡਰਦਿਆਂ ਮੁੜ ਕੇ ਦੁਕਾਨ ਵੱਲ ਦੇਖਣ ਦੀ ਹਿੰਮਤ ਨਾ ਕੀਤੀ।
ਘਰ ਪਹੁੰਚ ਕੇ ਮੈਨੂੰ ਖੂਬ ਤੇਜ਼ ਬੁਖਾਰ ਚੜ੍ਹ ਗਿਆ। ਕਾਂਬੇ ਨਾਲ ਮੇਰਾ ਸਰੀਰ ਥਰ-ਥਰ ਕੰਬ ਰਿਹਾ ਸੀ। ਇਹ ਸਭ ਦੇਖ ਮੇਰੇ ਘਰਦੇ ਸਾਰੇ ਜੀਅ ਘਬਰਾ ਗਏ। ਮੇਰੀ ਬੇਟੀ ਨੇ ਤਾਂ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ।
ਕੋਈ ਕਹੇ ਤੇਈਆ ਬੁਖਾਰ ਹੈ, ਕੋਈ ਕਹੇ ਮਲੇਰੀਆ, ਕੋਈ ਓਪਰੀ ਕਸਰ ਦੱਸ ਰਿਹਾ ਸੀ। ਸੀਤੋ ਦਾ ਭਾਪਾ ਆਪਣੇ ਯਤਨ ਕਰਕੇ ਥੱਕ ਗਿਆ। ਕਈ ਡਾਕਟਰ ਬਦਲੇ, ਪੂਰਾ ਹਫਤਾ ਬੀਤ ਗਿਆ, ਫਿਰ ਮਹੀਨਾ ਵੀ, ਪਰ ਬੁਖਾਰ ਉਤਰਨ ਦਾ ਨਾਉਂ ਹੀ ਨਹੀਂ ਸੀ ਲੈ ਰਿਹਾ।
ਹੁਣ ਮੈਨੂੰ ਰਾਤ ਸਮੇਂ ਉਹ ‘ਡੰਮੀ’ ਲਾਲ ਅੱਖਾਂ ਵਾਲੀ ਅਕਸਰ ਦਿਖਾਈ ਦੇਣ ਲੱਗੀ ਅਤੇ ਓਸ ਪਿੱਠ ਵਿੱਚ ਵੱਜੇ ਧੱਫੇ ਦੀ ਸੱਟ ਮੇਰੇ ਮੌਰਾਂ ਵਿੱਚ ਟਸ-ਟਸ ਕਰਨ ਲੱਗਦੀ। ਮਹੀਨਾ ਭਰ ਮੈਂ ਬੁਖਾਰ ਨਾਲ ਉਲਝੀ ਰਹੀ। ਵੈਦ…ਡਾਕਟਰ ਆਪਣੀ-ਆਪਣੀ ਵਾਹ ਲਾ ਕੇ ਥੱਕ ਗਏ। ਹੁਣ ਤਾਂ ਬਸ ਘਰ ਦੇ ਸਿਰਫ ਰੱਬ ਮੂਰ੍ਹੇ ਮੇਰੀ ਤੰਦਰੁਸਤੀ ਲਈ ‘ਦੁਆ’ ਹੀ ਕਰਦੇ ਸਨ। ਇਕ ਦਿਨ ਸਾਧੂਆਂ ਦੀ ਇਕ ਛੋਟੀ ਜਿਹੀ ਟੋਲੀ ਹਰਿਦੁਆਰ ਤੋਂ ਪੈਦਲ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੋਈ ਰਾਤ ਕੱਟਣ ਲਈ ਸਾਡੇ ਪਿੰਡ ਆ ਠਹਿਰੀ। ਪਿੰਡ ਦੇ ਪਤਵੰਤਿਆਂ ਨੇ ਸਤਿਕਾਰ ਸਹਿਤ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਤੇ ਉਨ੍ਹਾਂ ਦਾ ਸਤਿਸੰਗ ਵੀ ਸੁਣਿਆ। ਮੇਰੇ ਪਤੀਦੇਵ ਮੈਨੂੰ ਵੀ ਦਰਸ਼ਨਾਂ ਲਈ ਉਥੇ ਆਪਣੇ ਨਾਲ ਲੈ ਗਏ।
ਸਤਿਸੰਗ ਸਮਾਪਤ ਹੋਣ ਪਿੱਛੋਂ ਮੇਰੇ ਪਤੀ ਨੇ ਬੇਨਤੀ ਭਰੇ ਸ਼ਬਦਾਂ ਵਿੱਚ ਮੇਰੀ ਬੀਮਾਰੀ ਦੀ ਸਾਰੀ ਵਿਥਿਆ ਸਾਧੂਆਂ ਨੂੰ ਸੁਣਾਈ ਤੇ ਮੇਰੀ ਤੰਦਰੁਸਤੀ ਲਈ ਦੁਆ ਮੰਗੀ। ਸਾਧੂਆਂ ਦੀ ਟੋਲੀ ਦੇ ਮੁਖੀਆ ਸੰਤ ਨੇ ਪੂਰੀ ਗੱਲ ਸਮਝਣ ਪਿੱਛੋਂ ਸਾਨੂੰ ਸੰਬੋਧਿਤ ਹੁੰਦਿਆਂ ਫਰਮਾਇਆ।
ਬੇਟਾ, ਜੇ ਕੋਈ ਮਨੁੱਖ ਹਨੇਰੇ ਕਮਰੇ ਅੰਦਰ ਦੀਵਾ ਜਗਾਏ ਬਿਨਾਂ ਜਾਵੇਗਾ ਤਾਂ ਉਸ ਦਾ ਭੈਅਭੀਤ ਹੋਣਾ ਲਾਜ਼ਮੀ ਹੈ। ਉਸ ਲਈ ਇਹ ‘ਹਨੇਰਾ’ ਹੀ ਡਰ ਹੈ, ਜੋ ਮਨੁੱਖ ਅੰਦਰ ਵੱਡਾ ‘ਰੋਗ’ ਹੈ। ਇਸ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਗਾਉਣ ਦੀ ਅਤਿ ਲੋੜ ਹੈ। ਬੁਹਤ ਵਾਰੀ ਸਾਡਾ ‘ਮਨ’ ਆਪਣੇ ਆਪ ਹੀ ਤਰ੍ਹਾਂ-ਤਰ੍ਹਾਂ ਦੀਆਂ ਘਾੜਤਾਂ ਘੜ ਕੇ ਬੇਮਤਲਬ ਦੀਆਂ ਸੂਰਤਾਂ ਬਣਾ ਲੈਂਦਾ ਹੈ ਤੇ ਫਿਰ ਆਪ ਹੀ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ। ਡਰ ਨੂੰ ਮਨ ‘ਚੋਂ ਕੱਢੋ ਤੇ ਪ੍ਰਮਾਤਮਾ ਦੀ ਹੋਂਦ ਨੂੰ ਆਪਣੇ ਚਿਤ ਵਿੱਚ ਰੱਖੋ। ਸੰਤਾਂ ਦੀ ਕਹੀ ਆਖਰੀ ਗੱਲ ਨੇ ਜਿਵੇਂ ਮੇਰੀ ਕਾਇਆ ਹੀ ਪਲਟ ਦਿੱਤੀ ਸੀ। ਹੁਣ ਮੈਂ ਆਪਣੇ ਅੰਗ-ਅੰਗ ਵਿੱਚ ਨਿਰੋਗਤਾ ਮਹਿਸੂਸ ਕਰਦੀ ਆਪਣੇ ਪਤੀ ਦੇ ਬਾਈ ਸਾਈਕਲ ਦੇ ਪਿੱਛੇ ਬੇਖੌਫ ਬੈਠੀ ਜਿਵੇਂ ਹੁਣ ਉਡ ਕੇ ਆਪਣੀ ਧੀ ਸੀਤੋ ਕੋਲ ਪਹੁੰਚ ਜਾਣਾ ਚਾਹੁੰਦੀ ਸੀ।
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Saturday, 28 January 2017

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ


Image result for punjabi kudi paintings

ਸਰਬਜੀਤ ਦੀ ਕੇਸ ਫਾਈਲ ਦਿੰਦਿਆਂ ਮੇਰੇ ਸੁਪਰਵਾਈਜ਼ਰ ਕਿਹਾ, ‘‘ਇਹ ਪੰਜਾਬੀ ਲੜਕੀ ਦਾ ਕੇਸ ਆ। 15 ਸਾਲਾ ਸਰਬਜੀਤ ਨੇ ਦੋਸ਼ ਲਾਇਆ ਕਿ ਉਹਦਾ ਮਤਰਇਆ ਬਾਪ ਉਹਦੇ ਨਾਲ ਪਿਛਲੇ ਇੱਕ ਸਾਲ ਤੋਂ ਬਦਮਾਸ਼ੀਆਂ ਕਰਦਾ ਆ ਰਿਹੈ ਅਤੇ ਉਹਦੀ ਹਵਸ ਹਰ ਰੋਜ਼ ਵਧਦੀ ਜਾਂਦੀ ਆ। ਇਸ ਕੇਸ ਦੀ ਸਰਬਜੀਤ ਦੇ ਸਕੂਲ ਵਾਲਿਆਂ ਆਪਾਂ ਨੂੰ ਇਤਲਾਹ ਦਿੱਤੀ ਆ। ਜਿਵੇਂ ਤੈਨੂੰ ਪਤਾ ਈ ਆ, ਇਹ ਬਹੁਤ ਜ਼ਰੂਰੀ ਕੰਮ ਆ ਅਤੇ ਇਹਦੇ ਤੇ ਕੰਮ ਅੱਜ ਈ ਸ਼ੁਰੂ ਕਰਦੇ। ਸਰਬਜੀਤ ਦੇ ਮਾਂ ਬਾਪ ਨੂੰ ਸਕੂਲ ਵਾਲਿਆਂ ਅਜੇ ਕੁੱਝ ਨਹੀਂ ਦੱਸਿਆ।’’
ਮੈਂ ਕੇਸ ਲੈਣ ਤੋਂ ਬਾਦ ਸਕੂਲ ਨਾਲ ਸੰਪਰਕ ਕੀਤਾ ਅਤੇ ਜਾ ਸਕੂਲ ਟੀਚਰ ਨੂੰ ਮਿਲਿਆ। ਸਕੂਲ ਟੀਚਰ ਨੇ ਦੱਸਿਆ, ‘‘ਸਰਬਜੀਤ ਪਿਛਲੇ ਸਾਲ ਤੋਂ ਕੁੱਝ ਜਿ਼ਆਦਾ ਈ ਘੁੱਟੀ ਵੱਟੀ ਰਹਿਣ ਲੱਗ ਪਈ ਆ। ਮੈਂ ਇਕ ਦੋ ਵਾਰ ਇਹਦੇ ਨਾਲ ਗੱਲਬਾਤ ਵੀ ਕੀਤੀ ਸੀ ਪਰ ਇਹਨੇ ਇਹ ਕਹਿ ਗੱਲ ਟਾਲ ਦਿੱਤੀ ਕਿ ਉਹ ਠੀਕ ਨਹੀਂ, ਘਰ ਜਾ ਕੇ ਉਹਨੂੰ ਘਰ ਦਾ ਕਾਫੀ ਕੰਮ ਕਰਨਾ ਪੈਂਦਾ।’’ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਸਰਬਜੀਤ ਸਕੂਲ ਤੋਂ ਮਿਲਿਆ ਹੋਮ ਵਰਕ  ਵੀ ਨਹੀਂ ਸੀ ਕਰਕੇ ਲਿਆ ਰਹੀ। ਉਹਨੂੰ ਪੁੱਛਣ ਤੇ ਉਹ ਕੋਈ ਨਾਂ ਕੋਈ ਬਹਾਨਾ ਬਣਾ ਗੱਲ ਅਗਾਂਹ ਤੋਰ ਦਿੰਦੀ। ਪਰ ਅੱਜ ਸਵੇਰੇ ਤਾਂ ਉਹ ਆਪ ਈ ਮੇਰੇ ਕਮਰੇ ‘ਚ ਮੈਨੂੰ ਮਿਲਣ ਆ ਗਈ ਅਤੇ ਕਹਿਣ ਲੱਗੀ, ‘‘ਮੈਨੂੰ ਮੇਰਾ ਮਤਰਇਆ ਬਾਪ ਪਿਛਲੇ ਇਕ ਸਾਲ ਤੋਂ ਰੇਪ ਕਰਦਾ ਆ ਰਿਹਾ ਅਤੇ ਮੇਰੇ ਤੋਂ ਹੁਣ ਇਹ ਬਰਦਾਸ਼ਤ ਨਹੀਂ ਹੋ ਰਿਹੈ। ਇਸੇ ਕਰਕੇ ਮੈਂ ਤੁਹਾਡੇ ਦਫਤਰ ਨਾਲ ਸੰਪਰਕ ਕੀਤਾ ਸੀ। ਪੁਲੀਸ ਨੂੰ ਮੈਂ ਅਜੇ ਦੱਸਿਆ ਨਹੀਂ।’’
ਮੈਂ ਸਕੂਲ ਟੀਚਰ ਨੂੰ ਬੇਨਤੀ ਕੀਤੀ ਕਿ ਉਹ ਸਰਬਜੀਤ ਨੂੰ ਮੈਨੂੰ ਮਿਲਣ ਵਾਸਤੇ ਭੇਜ ਦੇਵੇ।
ਹੁਣ ਸਰਬਜੀਤ ਨਾਲ ਮੈਂ ਇਕ ਕਮਰੇ ਵਿਚ ਗੱਲਬਾਤ ਕਰਨ ਲਈ ਬੈਠ ਗਿਆ। ਸਰਬਜੀਤ ਦੇਖਣ ਨੂੰ ਭੋਲੀ ਭਾਲੀ ਸੀ। ਉਹ ਇੱਕ ਘਰੇਲੂ ਕਿਸਮ ਦੀ ਲੜਕੀ ਸੀ। ਉਹਦਾ ਉਦਾਸ ਚੇਹਰਾ ਬੇਬਸੀ ਜ਼ਾਹਿਰ ਕਰ ਰਿਹਾ ਸੀ। ਉਹਦੀ ਮਾਸੂਮੀਅਤ ਮੈਨੂੰ ਦੱਸ ਰਹੀ ਸੀ ਕਿ ਇਸ ਬੱਚੀ ਨਾਲ ਧੱਕਾ ਹੋ ਰਿਹੈ। ਮੈਂ ਸਰਬਜੀਤ ਨੂੰ ਆਪਣੇ ਬਾਰੇ ਅਤੇ ਮਿਲਣ ਬਾਰੇ ਦੱਸਿਆ। ਇਸ ਤੋਂ ਬਾਦ ਮੈਂ ਸਰਬਜੀਤ ਨੂੰ ਕਿਹਾ, ‘‘ਬੇਟਾ, ਮੈਨੂੰ ਸਭ ਸੱਚ ਦੱਸ ਕਿ ਤੇਰੇ ਨਾਲ ਕੀ ਹੁੰਦਾ ਰਿਹੈ? ਤੇਰੇ ਸੱਚ ਦੱਸਣ ਤੇ ਈ ਮੈਂ ਤੇਰੀ ਮੱਦਦ ਕਰ ਸਕਦਾਂ।’’ ਸਰਬਜੀਤ ਨੇ ਦੱਸਣਾ ਸ਼ੁਰੂ ਕੀਤਾ, ‘‘ਮੇਰਾ ਮਤਰਇਆ ਬਾਪ ਇੰਡਿਆ ਤੋਂ ਦੋ ਕੁ ਸਾਲ ਹੋਏ ਆਇਆ ਸੀ। ਪਹਿਲਾਂ ਤਾਂ ਠੀਕ-ਠਾਕ ਸੀ। ਪਰ ਹੁਣ ਇੱਥੇ ਪੱਕਾ ਹੋ ਗਿਆ ਅਤੇ ਇੱਕ ਫੈਕਟਰੀ ਵਿਚ ਕੰਮ ਕਰਦਾ। ਉਹਦਾ ਼ਿਫਟ ਵਰਕ ਆ। ਜਿਸ ਦਿਨ ਉਹਦੀ ਸਵੇਰੇ ਛੇ ਵਜੇ ਤੋਂ ਦੁਪਹਿਰੇ ਦੋ ਵਜੇ ਤਕ ਸਿ਼ਫਟ ਹੁੰਦੀ ਆ ਉਸ ਹਫਤੇ ਈ ਉਹ ਮੇਰੇ ਨਾਲ ਬਦਮਾਸ਼ੀਆਂ ਕਰਦੈ। ਮੇਰੀ ਮੰਮ ਵੀ ਕੰਮ ਕਰਦੀ ਆ ਅਤੇ ਇਸੇ ਕਰਕੇ ਘਰ ਵਿਚ ਸਕੂਲੋਂ ਬਾਦ ਮੈਂ ਅਤੇ ਮੇਰਾ ਮਤਰਇਆ ਬਾਪ ਈ ਹੁੰਦੈ ਆ।’’ ਮੈਂ ਪੁੱਛਿਆ, ‘‘ਕਿ ਇਹ ਗੱਲ ਤੂੰ ਆਪਣੀ ਮੰਮ ਨੂੰ ਦੱਸੀ ਆ?’’। ‘‘ਨਹੀਂ, ਮੈਂ ਮੰਮ ਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ।’’ ‘‘ਕਿਉਂ?’’ ਮੈਂ ਸੁਆਲ ਕੀਤਾ। ‘‘ਮੇਰੀ ਮੰਮ ਨੇ ਪਹਿਲਾਂ ਈ ਬਥੇਰਾ ਦੁੱਖ ਭੋਗਿਆ। ਮੇਰਾ ਅਸਲੀ ਡੈਡ ਮੰਮ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ। ਸ਼ਰਾਬ ਬਹੁਤ ਪੀਂਦਾ ਸੀ। ਮੈਂ ਉਦੋਂ ਹੈ ਤਾਂ ਛੋਟੀ ਈ ਸੀ ਪਰ ਮੈਨੂੰ ਚੇਤਾ ਮੇਰੀ ਮੰਮ ਸਦਾ ਰੋਂਦੀ ਈ ਰਹਿੰਦੀ ਸੀ। ਮੇਰੀ ਮੰਮ ਨੇ ਇਸੇ ਕਰਕੇ ਤਲਾਕ ਲੈ ਲਿਆ ਸੀ। ਉਹਦੇ ਤੋਂ ਰੋਜ਼ ਦੀ ਕੁੱਟਮਾਰ ਨਹੀਂ ਸੀ ਸਹਾਰ ਹੁੰਦੀ। ਇੱਕ ਦੋ ਵਾਰ ਤਾਂ ਮੈਨੂੰ ਵੀ ਮੇਰੇ ਡੈਡ ਨੇ ਮਾਰਿਆ ਸੀ। ਤਲਾਕ ਤੋਂ ਬਾਦ ਡੈਡ ਨੂੰ ਕੈਂਸਰ ਹੋ ਗਿਆ ਅਤੇ ਉਹ ਮਰ ਗਿਆ। ਮੇਰੀ ਮੰਮ ਨੇ ਬਹੁਤ ਦੁੱਖ ਝੱਲਿਆ। ਮੈਂ ਮੰਮ ਨੂੰ ਹੋਰ ਦੁੱਖੀ ਨਹੀਂ ਕਰਨਾ ਚਾਹੁੰਦੀ।’’ ‘‘ਪਰ ਬੇਟਾ ਤੂੰ ਵੀ ਤਾਂ ਹੁਣ ਦੁੱਖ ਝੱਲ ਰਹੀ ਆਂ। ਜੇਕਰ ਇਹ ਗੱਲ ਤੂੰ ਆਪਣੀ ਮੰਮ ਨੂੰ ਨਹੀਂ ਦੱਸੇਂਗੀ ਤਾਂ ਹੋਰ ਤੇਰਾ ਕੌਣ ਆ?’’ ਮੇਰੀ ਇਸ ਗੱਲ ਦਾ ਉਹਨੇ ਕੋਈ ਜੁਆਬ ਨਾਂ ਦਿੱਤਾ ਅਤੇ ਨੀਵੀਂ ਪਾ ਕੇ ਡੁਸਕਣ ਲੱਗ ਪਈ। ਮੈਂ ਕੁੱਝ ਮਿੰਟ ਚੁੱਪ ਰਿਹਾ ਅਤੇ ਉਹਨੂੰ ਅੱਖਾਂ ਪੂੰਝਣ ਲਈ ਟਿਸ਼ੂ  ਦਿੱਤੇ। ਜਦ ਸਰਬਜੀਤ ਥੋੜ੍ਹਾ ਜਿਹਾ ਸੰਭਲੀ ਤਾਂ ਮੈਂ ਕਿਹਾ, ‘‘ਤੈਨੂੰ ਪਤਾ ਇਹ ਬਹੁਤ ਗੰਭੀਰ ਦੋਸ਼ ਆ। ਇਸ ਕੇਸ ਵਿਚ ਪੁਲੀਸ ਵੀ ਇਨਕੁਆਰੀ  ਕਰੇਗੀ ਅਤੇ ਤੇਰਾ ਡੈਡ ਜੇਲ੍ਹ ਜਾ ਸਕਦਾ। ਤੇਰੀ ਮੰਮ ਨੂੰ ਵੀ ਸਾਰਾ ਕੁੱਝ ਦੱਸਣਾ ਪਵੇਗਾ।’’ ‘‘ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਕੀ ਮੈਂ ਆਪਣੇ ਡੈਡ ਦੀਆਂ ਬਦਮਾਸ਼ੀਆਂ ਸਹਾਰਦੀ ਰਹਾਂ?’’ ‘‘ਬਿਲਕੁਲ ਨਹੀਂ। ਮੈਂ ਤਾਂ ਬੇਟਾ ਇਹ ਗੱਲ ਕਰ ਰਿਹਾ ਹਾਂ ਕਿ ਜਦ ਪੁਲੀਸ ਨਾਲ ਸਾਰੀ ਇਨਕੁਆਰੀ ਹੋਣੀ ਆ ਤਾਂ ਆਪਣੇ ਬਿਆਨਾਂ ਤੇ ਕਾਇਮ ਰਹੀਂ। ਤੂੰ ਕਿਤੇ ਕਿਸੇ ਦਬਾਅ ਹੇਠ ਆ ਕੇ ਬਿਆਨ ਬਦਲ ਨਾਂ ਲਵੀਂ।’’ ‘‘ਨਹੀਂ -ਇਹ ਕਿਵੇਂ ਹੋ ਸਕਦੈ? ਮੈਂ ਉਸ ਘਰ ਵਿਚ ਡੈਡ ਨਾਲ ਨਹੀਂ ਰਹਿ ਸਕਦੀ।’’ ‘‘ਠੀਕ ਆ। ਮੈਂ ਅੱਜ ਈ ਪੁਲੀਸ ਅਤੇ ਤੇਰੇ ਡੈਡ ਨੂੰ ਮਿਲ ਕੇ ਉਹਦੀ ਪੁੱਛ ਗਿੱਛ ਕਰਾਂਗਾ। ਤੇਰੀ ਮੰਮ ਨੂੰ ਵੀ ਮਿਲ ਕੇ ਸਭ ਕੁੱਝ ਦੱਸ ਦੇਵਾਂਗਾ। ਜੇਕਰ ਤੂੰ ਚਾਹੁੰਦੀ ਆਂ ਤਾਂ ਮੈਂ ਤੇਰਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਸਕਦਾਂ।’’ ‘‘ਮੈਂ ਆਪਣੀ ਮੰਮ ਨੂੰ ਤਾਂ ਮਿਲਣਾ ਚਾਹੁੰਦੀ ਆਂ ਪਰ ਜੇਕਰ ਡੈਡ ਉਸ ਘਰ ‘ਚ ਰਹਿੰਦਾ ਤਾਂ ਮੈਂ ਘਰ ਨਹੀਂ ਰਹਿਣਾ ਚਾਹੁੰਦੀ। ਨਾਲੇ ਮੈਨੂੰ ਇੱਕ ਹੋਰ ਡਰ ਵੀ ਆ ਕਿ ਜੇਕਰ ਮੈਂ ਘਰ ਰਹੀ ਤਾਂ ਸਾਡੇ ਰਿਸ਼ਤੇਦਾਰਾਂ ਅਤੇ ਮੇਰੀ ਮੰਮ ਨੇ ਮੇਰੇ ਤੇ ਪ੍ਰੈਸ਼ਰ ਪਾਈ ਜਾਣਾ।’’ ਮੈਂ ਕਿਹਾ, ‘‘ਸਰਬਜੀਤ ਤੂੰ ਫਿਕਰ ਨਾਂ ਕਰ। ਮੈਂ ਤੇਰਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਅੱਜ ਈ ਕਰ ਦਿੰਦਾਂ ਅਤੇ ਸਕੂਲ ਤੋਂ ਬਾਦ ਤੈਨੂੰ ਇੱਕ ਫੋਸਟਰ ਪੈਰੇਂਟਸ  ਕੋਲ ਲੈ ਜਾਵਾਂਗਾ। ਤੇਰੀ ਮੰਮ ਤੋਂ ਮੈਂ ਤੇਰੇ ਕੱਪੜੇ ਅਤੇ ਬਾਕੀ ਸਮਾਨ ਲੈ ਆਵਾਂਗਾ।
ਦਫਤਰ ਆ ਕੇ ਮੈਂ ਫੋਸਟਰ ਪੈਰੇਂਟਸ  ਦਾ ਪ੍ਰਬੰਧ ਕਰ ਲਿਆ ਅਤੇ ਪੁਲੀਸ ਨਾਲ ਸੰਪਰਕ ਕਰਕੇ ਸਾਰੇ ਕੇਸ ਬਾਰੇ ਦੱਸ ਦਿਤਾ। ਪੁਲੀਸ ਵਾਲਿਆਂ ਮੈਨੂੰ ਪੁਲੀਸ ਸਟੇਸ਼ਨ ਮਿਲਣ ਦਾ ਸਮਾਂ ਦੇ ਦਿੱਤਾ ਅਤੇ ਕਿਹਾ ਕਿ, ‘‘ਉਹ ਮਿਸਟਰ ਸਿੰਘ ਨੂੰ ਉਦੋਂ ਤਕ ਫੜ ਕੇ ਪੁਲੀਸ ਸਟੇਸ਼ਨ ਲੈ ਆਉਣਗੇ। ਮੈਂ ਸਰਬਜੀਤ ਦੇ ਘਰ ਜਾ ਕੇ ਉਹਦੀ ਮੰਮ ਨੂੰ ਮਿਲਿਆ ਅਤੇ ਸਾਰੀ ਗੱਲ ਦੱਸੀ। ਉਹ ਸੁਣ ਕੇ ਸੁੰਨ ਹੋ ਗਈ। ਕੁੱਝ ਦੇਰ ਉਹ ਕੁੱਝ ਨਾ ਬੋਲ ਸਕੀ ਅਤੇ ਫਿਰ ਪੁੱਛਿਆ, ‘‘ਸਰਬਜੀਤ ਕਿੱਥੇ ਆ?’’ ਮੈਂ ਕਿਹਾ, ‘‘ਸਰਬਜੀਤ ਅਜੇ ਤਾਂ ਸਕੂਲੇ ਆ। ਪਰ ਉਹ ਘਰ ਨਹੀਂ ਆਉਣਾ ਚਾਹੁੰਦੀ। ਇਸੇ ਕਰਕੇ ਮੈਂ ਉਹਦਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਦਿੱਤਾ ਆ ਅਤੇ ਮੈਨੂੰ ਉਹਦੇ ਸਾਰੇ ਕੱਪੜੇ ਅਤੇ ਹੋਰ ਚੀਜ਼ਾਂ ਵੀ ਦੇ ਦਿਉ।’’ ‘‘ਕੱਪੜੇ ਤੇ ਹੋਰ ਸਮਾਨ ਤਾਂ ਤੁਸੀਂ ਲੈ ਜਾਓ ਪਰ ਮੈਂ ਸਰਬਜੀਤ ਨੂੰ ਇਕ ਵਾਰ ਮਿਲ ਸਕਦੀ ਆਂ?’’ ‘‘ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਮੈਂ ਸਰਬਜੀਤ ਨੂੰ ਪੁੱਛ ਕੇ ਹੀ ਦੱਸ ਸਕਦਾਂ ਕਿ ਉਹ ਤੁਹਾਨੂੰ ਮਿਲਣਾ ਚਾਹੁੰਦੀ ਆ ਜਾ ਨਹੀਂ। ਨਾਲੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੈਂ ਪੁਲੀਸ ਨੂੰ ਇਸ ਬਾਰੇ ਦੱਸ ਦਿੱਤਾ ਆ ਅਤੇ ਉਹ ਸਰਬਜੀਤ ਦੇ ਡੈਡੀ ਦੀ ਪੁਲੀਸ ਸਟੇਸ਼ਨ ਪੁੱਛ ਗਿੱਛ ਕਰਨਗੇ।’’ ਸਰਬਜੀਤ ਦੀ ਮਾਂ ਇਹ ਸਭ ਸੁਣ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਹਨੂੰ ਕਿਵੇਂ ਦਿਲਾਸਾ ਦੇਵਾਂ। ਮੈਂ ਚੁੱਪ ਚਾਪ ਬੈਠਾ ਰਿਹਾ। ਕੁੱਝ ਦੇਰ ਬਾਦ ਉਹ ਥੋੜ੍ਹਾ ਸੰਭਲੀ ਅਤੇ ਬੋਲੀ, ‘‘ਭਾਅ ਜੀ, ਮੈਨੂੰ ਇਹ ਵੀ ਦਿਨ ਦੇਖਣੇ ਪੈਣੇਂ ਸੀ। ਪਹਿਲਾਂ ਸਾਰੀ ਉਮਰ ਆਪਣੇ ਪਹਿਲੇ ਆਦਮੀ ਤੋਂ ਦੁਖੀ ਰਹੀ। ਇੱਕ ਦਿਨ ਵੀ ਸੁੱਖ ਦਾ ਨਾ ਦੇਖ ਸਕੀ। ਰੋਜ਼ ਮਾਰ ਕੁਟਾਈ ਹੁੰਦੀ ਰਹੀ। ਮੈਂ ਤਾਂ ਦੁਵਾਰਾ ਵਿਆਹ ਲਈ ਮੰਨਦੀ ਈ ਨਹੀਂ ਸੀ। ਇਹ ਤਾਂ ਮੇਰੀ ਮੰਮ ਨੇ ਮੇਰੇ ਤੇ ਪ੍ਰੈਸ਼ਰ  ਪਾਇਆ ਤਾਂ ਮੈਂ ਰਾਜ਼ੀ ਹੋ ਗਈ ਸੀ। ਭਾਅ ਜੀ, ਮੈਂ ਤਾਂ ਆਪਣੇ ਘਰ ‘ਚ ਈ ਲੁੱਟੀ ਗਈ ਆਂ।’’
Image result for punjabi kudi paintings

ਇਸ ਤੋਂ ਬਾਦ ਸਰਬਜੀਤ ਦੀ ਮਾਂ ਕੁੱਝ ਨਾ ਬੋਲ ਸਕੀ। ਉਹਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਹ 15-20 ਮਿੰਟ ਤਕ ਸੰਭਲ ਨਾਂ ਸਕੀ। ਮੈਂ ਕਿਹਾ, ‘‘ਮੈਨੂੰ ਹੁਣ ਜਾਣਾ ਪੈਣਾਂ। ਪੁਲੀਸ ਮੇਰਾ ਇੰਤਜ਼ਾਰ ਕਰ ਰਹੀ ਆ ਅਤੇ ਨਾਲੇ ਮੈਂ ਸਰਬਜੀਤ ਨੂੰ ਵੀ ਉਹਦੇ ਨਵੇਂ ਘਰ ਲੈ ਕੇ ਜਾਣੈ। ਤੁਸੀਂ ਮੈਨੂੰ ਉਹਦੇ ਕੱਪੜੇ ਦੇ ਦਿਉ।’’ ਸਰਬਜੀਤ ਦੀ ਮੰਮ ਨੇ ਅਣਮੰਨੇ ਮਨ ਨਾਲ ਮੈਨੂੰ ਸਰਬਜੀਤ ਦੇ ਕੱਪੜੇ ਅਤੇ ਬਾਕੀ ਚੀਜ਼ਾਂ ਦੇ ਦਿੱਤੀਆਂ ਅਤੇ ਜਾਣ ਤੋਂ ਪਹਿਲਾਂ ਫਿਰ ਤਰਲਾ ਕੀਤਾ, ‘‘ਭਾਅ ਜੀ, ਮੈਨੂੰ ਇੱਕ ਵਾਰ ਸਰਬਜੀਤ ਨਾਲ ਜ਼ਰੂਰ ਮਿਲਾਓ।’’ ‘‘ਮੈਂ ਪੂਰੀ ਕੋਸਿ਼ਸ਼ ਕਰਾਂਗਾ।’’ ਕਹਿ ਉਥੋਂ ਆ ਗਿਆ।
ਸਕੂਲ ਜਾ ਕੇ ਮੈਂ ਸਰਬਜੀਤ ਨੂੰ ਮਿਲਿਆ ਅਤੇ ਕਿਹਾ, ‘‘ਸਰਬਜੀਤ ਤੇਰੀ ਮੰਮ ਤੇਰੇ ਦੱਸਣ ਮੁਤਾਬਕ ਅੱਜ ਘਰ ਈ ਸੀ। ਮੇਰਾ ਖਿਆਲ ਆ ਉਹਨੂੰ ਠੰਡ ਲੱਗੀ ਹੋਈ ਆ ਅਤੇ ਉਹਨੇ ਅੱਜ ਵੀ ਮੂੰਹ ਸਿਰ ਲਪੇਟਿਆ ਹੋਇਆ ਸੀ। ਉਹਨੇ ਤੇਰੇ ਕੱਪੜੇ ਅਤੇ ਬਾਕੀ ਸਮਾਨ ਤਾਂ ਮੈਨੂੰ ਦੇ ਦਿੱਤਾ ਆ। ਪਰ ਉਹ ਤੈਨੂੰ ਇੱਕ ਵਾਰ ਮਿਲਣਾ ਜ਼ਰੂਰ ਚਾਹੁੰਦੀ ਆ।’’ ‘‘ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਮੰਮ ਨਾਲ ਕੌਨਟੈਕਟ  ਬਣਾਈ ਰੱਖਣਾ ਚਾਹੁੰਦੀ ਆਂ।’’ ਸਰਬਜੀਤ ਕਿਹਾ। ਮੈਂ ਸਰਬਜੀਤ ਨੂੰ ਕਾਰ ‘ਚ ਬਿਠਾ ਫੋਸਟਰ ਪੈਰੇਂਟਸ  ਕੋਲ ਛੱਡ ਆਇਆ ਅਤੇ ਫਿਰ ਪੁਲੀਸ ਸਟੇਸ਼ਨ ਚਲਾ ਗਿਆ।
ਪੁਲੀਸ ਸਟੇਸ਼ਨ ਪਹੁੰਚ ਕੇ ਪਤਾ ਲੱਗਾ ਕਿ ਸਰਬਜੀਤ ਦੇ ਡੈਡੀ ਨੂੰ ਪੁਲੀਸ ਨੇ ਫੜ੍ਹਕੇ ਲੈ ਆਂਦਾ ਸੀ ਅਤੇ ਉਹ ਮੇਰੀ ਇੰਤਜ਼ਾਰ ਕਰ ਰਹੇ ਸੀ। ਥੋੜ੍ਹੀ ਦੇਰ ਬਾਦ ਸਰਬਜੀਤ ਦੇ ਮਤਰਏ ਬਾਪ ਦੀ ਪੁੱਛ ਗਿੱਛ ਸ਼ੁਰੂ ਹੋ ਗਈ। ਉਹਨੇ ਸਾਫ ਇਨਕਾਰ ਕਰ ਦਿੱਤਾ ਕਿ ਉਹਨੇ ਕਦੇ ਸਰਬਜੀਤ ਨਾਲ ਬਦਮਾਸ਼ੀਆਂ ਕੀਤੀਆਂ ਸਨ। ਉਹਨੇ ਕਿਹਾ, ‘‘ਮੈਂ ਤਾਂ ਜੀ ਉਹਨੂੰ ਆਪਣੀ ਕੁੜੀ ਸਮਝਦੈਂ ਅਤੇ ਉਹਨੂੰ ਫੈਸ਼ਨ ਕਰਨ ਤੋਂ ਰੋਕਦਾ ਰਹਿੰਦਾ ਸੀ। ਹੋਰ ਕਦੇ ਮੈਂ ਕੁੱਝ ਨਹੀਂ ਕੀਤੈ।’’ ਪੁਲੀਸ ਨੇ ਸਰਬਜੀਤ ਦੇ ਡੈਡੀ ਨੂੰ ਪੁਲੀਸ ਸਟੇਸ਼ਨ ਈ ਡੱਕੀ ਰੱਖਿਆ ਅਤੇ ਮੈਂ ਸਰਬਜੀਤ ਨੂੰ ਮਿਲ ਕੇ ਉਹਦਾ ਮੈਡੀਕਲ ਚੈੱਕਅੱਪ ਕਰਾਉਣ ਚਲਾ ਗਿਆ। ਮੈਡੀਕਲ ਚੈੱਕਅਪ ਵਿਚ ਇਹ ਸਾਫ ਪਤਾ ਲੱਗ ਗਿਆ ਸੀ ਕਿ ਸਰਬਜੀਤ ਨਾਲ ਖਰਾਬੀਆਂ ਹੁੰਦੀਆਂ ਰਹੀਆਂ ਸਨ। ਸਰਬਜੀਤ ਅਜੇ ਵੀ ਆਪਣੇ ਬਿਆਨਾਂ ਤੇ ਕਾਇਮ ਸੀ। ਮੈਂ ਸਰਬਜੀਤ ਨੂੰ ਪੁੱਛਿਆ, ‘‘ਕੀ ਤੇਰਾ ਕੋਈ ਬੁਆਏ ਫਰੈਂਡ  ਨਹੀਂ? ਤਾਂ ਸਰਬਜੀਤ ਕਿਹਾ, ‘‘ਮੈਂ ਤਾਂ ਸਕੂਲ ਤੋਂ ਸਿੱਧੀ ਘਰ ਆਉਂਦੀ ਰਹੀ ਆਂ ਅਤੇ ਘਰੋਂ ਬਾਹਰ ਕਦੇ ਮੈਂ ਇੱਕਲੀ ਗਈ ਨਹੀਂ।’’
ਬਾਦ ਵਿਚ ਮੈਂ ਸਕੂਲ ਟੀਚਰ ਨੂੰ ਵੀ ਪੁੱਛਿਆ ਸੀ ਕਿ, ‘‘ਕੀ ਕਦੇ ਸਰਬਜੀਤ ਨੇ ਸਕੂਲ ਵੀ ਮਿਸ ਕੀਤਾ ਸੀ?’’ ਸਕੂਲ ਟੀਚਰ ਦੱਸਿਆ, ‘‘ਸਰਬਜੀਤ ਦੀ ਸਕੂਲ ਵਿਚ ਹਾਜ਼ਰੀ 100 ਪ੍ਰਤੀਸ਼ਤ ਆ ਅਤੇ ਮੇਰਾ ਨਹੀਂ ਖਿਆਲ ਕਿ ਉਹਦਾ ਕੋਈ ਬੁਆਏਫਰੈਂਡ ਵੀ ਆ।’’
ਇਸ ਤੋਂ ਬਾਦ ਮੈਂ ਸਰਬਜੀਤ ਨੂੰ ਉਹਦੀ ਮਾਂ ਕੋਲ ਮਿਲਣ ਵਾਸਤੇ ਲੈ ਗਿਆ। ਮੈਂ ਉਹਨਾਂ ਨੂੰ ਕਿਹਾ ਕਿ, ‘‘ਉਹ ਦੋਵੇਂ ਅੱਧਾ ਪੌਣਾ ਘੰਟਾ ਮਿਲ ਲੈਣ ਅਤੇ ਮੈਂ ਬਾਹਰ ਕਾਰ ਵਿਚ ਇੰਤਜ਼ਾਰ ਕਰਾਂਗਾ।’’ ਸਰਬਜੀਤ ਦੀ ਮਾਂ ਨੂੰ ਮੈਂ ਉਹਦੇ ਘਰਵਾਲੇ ਬਾਰੇ ਦੱਸ ਦਿੱਤਾ ਸੀ ਕਿ ਉਹ ਪੁਲੀਸ ਸਟੇਸ਼ਨ ਆ ਅਤੇ ਸਰਬਜੀਤ ਦਾ ਡਾਕਟਰੀ ਮੁਆਇਨਾ ਹੋ ਚੁੱਕੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦੈ ਕਿ ਉਹਦੇ ਨਾਲ ਧੱਕਾ ਹੁੰਦਾ ਰਿਹੈ। ਪੌਣੇ ਕੁ ਘੰਟੇ ਬਾਦ ਮੈਂ ਸਰਬਜੀਤ ਨੂੰ ਲੈ ਕੇ ਉਹਦੇ ਫੋਸਟਰ ਪੈਰੇਂਟਸ  ਕੋਲ ਛੱਡ ਆਇਆ। ਸਰਬਜੀਤ ਬਹੁਤ ਉਦਾਸ ਸੀ ਅਤੇ ਉਹਨੇ ਮੇਰੇ ਨਾਲ ਕੋਈ ਗੱਲ ਨਾਂ ਕੀਤੀ।
ਪੁਲੀਸ ਨੂੰ ਮੈਂ ਡਾਕਟਰੀ ਮੁਆਇਨੇ ਦੀ ਰਿਪੋਰਟ ਦੇ ਦਿੱਤੀ ਸੀ। ਉਹਨਾਂ ਆਪਣੀ ਪੁੱਛ ਗਿੱਛ ਜ਼ਾਰੀ ਰੱਖੀ ਅਤੇ ਸਰਬਜੀਤ ਦੇ ਡੈਡੀ ਨੂੰ ਜ਼ਮਾਨਤ ਤੇ ਨਾਂ ਛੱਡਿਆ।
ਹੁਣ ਸਰਬਜੀਤ ਤਕਰੀਬਨ ਰੋਜ਼ ਈ ਆਪਣੀ ਮਾਂ ਨਾਲ ਫ਼ੋਨ ਤੇ ਕਾਫੀ ਦੇਰ ਗੱਲਾਂ ਕਰਦੀ ਰਹਿੰਦੀ ਸੀ। ਮੈਂ ਅਤੇ ਫੋਸਟਰ ਪੈਰੇਂਟਸ  ਉਹਨੂੰ ਉਹਦੇ ਇਸ ਹੱਕ ਤੋਂ ਵੰਚਿਤ ਨਹੀਂ ਸੀ ਕਰ ਸਕਦੇ। ਮੈਂ ਅਤੇ ਪੁਲੀਸ ਰਲ ਕੇ ਸਰਬਜੀਤ ਦੇ ਡੈਡੀ ਖਿਲਾਫ ਕੇਸ ਤਿਆਰ ਕਰ ਰਹੇ ਸੀ ਤਾਂ ਕਿ ਕੋਰਟ ਵਿਚ ਲਿਜਾ ਕੇ ਉਹਨੂੰ ਸਜ਼ਾ ਦਿਵਾਈ ਜਾ ਸਕੇ। ਮੈਨੂੰ ਸਰਬਜੀਤ ਦੇ ਡੈਡੀ ਦੇ ਕੁੱਝ ਰਿਸ਼ਤੇਦਾਰਾਂ ਮਿਲ ਕੇ ਬੇਨਤੀ ਕੀਤੀ ਕਿ ‘ਮੈਂ ਇਹ ਕੇਸ ਕਿਸੇ ਤਰ੍ਹਾਂ ਖਾਰਜ਼ ਕਰਾ ਦੇਵਾਂ।’ ਮੈਂ ਉਹਨਾਂ ਨੂੰ ਕਿਹਾ ਕਿ, ‘‘ਮੈਂ ਤੁਹਾਡੀ ਕੋਈ ਮੱਦਦ ਨਹੀਂ ਕਰ ਸਕਦਾ। ਇਹ ਬਹੁਤ ਗੰਭੀਰ ਕੇਸ ਆ ਅਤੇ ਇਥੇ ਇੰਡਿਆ ਵਾਲੀਆਂ ਗੱਲਾਂ ਨਹੀਂ ਚਲਦੀਆਂ। ਜੇਕਰ ਤੁਸੀਂ ਮੈਨੂੰ ਦੁਆਰਾ ਮਿਲਣ ਦੀ ਕੋਸਿ਼ਸ਼ ਕੀਤੀ ਤਾਂ ਮੈਂ ਪੁਲੀਸ ਨੂੰ ਇਤਲਾਹ ਦੇ ਦੇਵਾਂਗਾ ਕਿ ਤੁਸੀਂ ਮੇਰੇ ਤੇ ਦਬਾਅ ਪਾ ਰਹੇ ਹੋ।’’ ਉਹਨਾਂ ਮੁੜ ਮੇਰੇ ਨਾਲ ਫਿਰ ਸੰਪਰਕ ਨਾਂ ਕੀਤਾ।
ਹੁਣ ਉਹਨਾਂ ਹੋਰ ਚਾਲ ਚੱਲੀ। ਉਹਨਾਂ ਨੂੰ ਮੇਰੇ ਵਿਚਾਰਾਂ ਦਾ ਪਤਾ ਸੀ ਅਤੇ ਇਸੇ ਕਰਕੇ ਇਕ ਖੱਬੇ ਪੱਖੀ ਪਾਰਟੀ ਦੇ ਲੀਡਰ ਨਾਲ ਜਾ ਸੰਪਰਕ ਕੀਤਾ। ਇਹ ਕੱਚਾ ਲੀਡਰ ਉਹਨਾਂ ਭੁਚਲਾ ਲਿਆ। ਅਤੇ ਫਿਰ ਇੱਕ ਦਿਨ ਇਸ ਲੀਡਰ ਦਾ ਮੈਨੂੰ ਫੋਨ ਆਇਆ ਕਿ ਮੈਂ ਇਸ ਕੇਸ ਨੂੰ ਕਚਹਿਰੀ ਵਿਚ ਜਾਣ ਤੋਂ ਰੋਕ ਦੇਵਾਂ। ਮੈਂ ਲੀਡਰ ਨੂੰ ਕਿਹਾ, ‘‘ਮੈਂ ਜੁੰਮੇਵਾਰ ਸਰਕਾਰੀ ਅਫਸਰ ਆਂ। ਇਹ ਤੁਹਾਨੂੰ ਵੀ ਪਤੈ ਕਿ ਇੰਗਲੈਂਡ ਦੇ ਕਾਨੂੰਨ ਇੰਡੀਆ ਵਾਂਗ ਨਹੀਂ। ਕੀ ਤੁਸੀਂ ਮੈਨੂੰ ਮੇਰੀ ਨੌਕਰੀ ਤੋਂ ਬਾਹਰ ਕਰਨਾ ਚਾਹੁੰਦੇ ਹੋ? ਤੁਹਾਨੂੰ ਤਾਂ ਸਗੋਂ ਗਰੀਬ ਮਜ਼ਲੂਮ ਦੀ ਮੱਦਦ ਕਰਨੀ ਚਾਹੀਦੀ ਆ ਅਤੇ ਇਹ ਈ ਤੁਹਾਡੀ ਸਿਆਸਤ ਤੁਹਾਨੂੰ ਸਿਖਾਉਂਦੀ ਆ। ਮੈਨੂੰ ਹੈਰਾਨਗੀ ਆ ਕਿ ਤੁਸੀਂ ਮੈਨੂੰ ਇਸ ਕੰਮ ਲਈ ਸੰਪਰਕ ਕੀਤੈ ਅਤੇ ਤੁਹਾਨੂੰ ਇਹ ਵੀ ਪਤੈ ਕਿ ਇਹ ਗੱਲ ਇਥੇ ਦੇ ਕਾਨੂੰਨ ਦੇ ਖਿਲਾਫ ਆ। ਅਗਰ ਇਹ ਕੰਮ ਤੁਹਾਡੀ ਆਪਣੀ ਕੁੜੀ ਨਾਲ ਹੋਇਆ ਹੋਵੇ ਤਾਂ ਤੁਸੀਂ ਕੀ ਕਰੋਗੇ?’’ ਲੀਡਰ ਨੇ ਮੇਰੀਆਂ ਗੱਲਾਂ ਦਾ ਕੋਈ ਜੁਆਬ ਨਾਂ ਦਿੱਤਾ ਅਤੇ ਫੋਨ ਰੱਖ ਦਿੱਤਾ। ਇਸ ਤੋਂ ਬਾਦ ਲੀਡਰ ਕਦੇ ਸਿੱਧੇ ਮੂੰਹ ਮੇਰੇ ਨਾਲ ਨਾ ਬੋਲਿਆ ਅਤੇ ਇੱਕ ਦੋ ਥਾਂਈਂ ਉਹਨੇ ਮੇਰਾ ਨੁਕਸਾਨ ਵੀ ਕੀਤਾ।
ਜਿੰਨੀ ਦੇਰ ਕੇਸ ਤਿਆਰ ਹੋਣ ਨੂੰ ਲੱਗੀ ਸਰਬਜੀਤ ਆਪਣੀ ਮਾਂ ਨੂੰ ਘਰ ਜਾ ਕੇ ਮਿਲਦੀ ਰਹੀ ਅਤੇ ਫੋਨ ਵੀ ਕਰਦੀ ਰਹੀ। ਮਾਂ ਤੋਂ ਬਿਨਾਂ ਉਹਦਾ ਇਥੇ ਹੈ ਵੀ ਕੌਣ ਸੀ। ਇਸ ਬਾਲੜੀ ਉਮਰ ਵਿਚ ਉਹ ਸਹਾਰੇ ਲਈ ਹੋਰ ਜਾਂਦੀ ਵੀ ਕਿੱਥੇ। ਅੰਦਰੋਂ ਖੇਰੂੰ-ਖੇਰੂੰ ਹੋਇਆ ਇਨਸਾਨ ਤਿਨਕੇ ਦਾ ਸਹਾਰਾ ਲੱਭਦਾ। ਆਪਣੀ ਮਾਂ ਨਾਲ ਉਹਦਾ ਬੜਾ ਤਿਹੁ ਸੀ। ਸਰਬਜੀਤ ਦੀ ਮਾਂ ਨੇ ਉਹਦੇ ਤਰਲੇ ਕੀਤੇ ਕਿ ਉਹਦੀ ਰੁੜ੍ਹੀ ਜਾਂਦੀ ਦੁਨੀਆਂ ਨੂੰ ਉਹ ਬਚਾ ਲਵੇ। ਉਹਦੇ ਕੋਲੋਂ ਇਹ ਬੇਇੱਜ਼ਤੀ ਅਤੇ ਰਿਸ਼ਤੇਦਾਰਾਂ ਦੇ ਤਾਹਣੇ-ਮਿਹਣੇ ਨਹੀਂ ਸਹਾਰ ਹੋਣੈਂ ਉਹ ਤਾਂ ਜੀਊਂਦੀ ਈ ਮਰ ਜਾਵੇਗੀ। ਕੱਚੀ ਉਮਰ ਦੀ ਨਬਾਲਗ ਸਰਬਜੀਤ ਤੋਂ ਮਾਂ ਦਾ ਦੁੱਖ ਬਰਦਾਸ਼ਤ ਨਾ ਹੋਇਆ ਅਤੇ ਕਚਹਿਰੀ ਵਿਚ ਕੇਸ ਲੱਗਣ ਤੇ ਸਰਬਜੀਤ ਬਿਆਨ ਬਦਲ ਲਏ। ਉਹਦਾ ਮਤਰਇਆ ਬਲਾਤਕਾਰੀ ਬਾਪ ਜੇਲ੍ਹੋਂ ਜਾਣ ਬਚ ਗਿਆ। ਸਰਬਜੀਤ ਮੁੜ ਕਦੇ ਆਪਣੇ ਘਰ ਨਾ ਗਈ ਅਤੇ ਉਹਦੀ ਮਾਂ ਇਸ ਗੁਨਾਹ ਨੂੰ ਪਚਾ ਨਾ ਸਕੀ। ਉਹ ਕੁੱਝ ਦੇਰ ਘੋਰ ਉਦਾਸੀ ਦੀ ਸਿ਼ਕਾਰ ਰਹੀ ਅਤੇ ਫਿਰ ਐਸੀ ਬੀਮਾਰ ਹੋਈ ਕਿ ਉੱਠ ਨਾ ਸਕੀ। ਸਰਬਜੀਤ ਇਸ ਝੱਖੜ ਵਿਚ ਟੁੱਟੇ ਪੱਤੇ ਵਾਂਗ ਝੰਬੀ ਗਈ।
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Sunday, 4 December 2016

« ਅਸਲੀ ਸੱਚ » ਮਿੰਨੀ ਕਹਾਣੀਆਂ


                                                  « ਅਸਲੀ ਸੱਚ »

ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਉਸਦੀ ਤੁਲਣਾ ਅਰਸ਼ਾਂ ਦੀਆਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣਾ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।

ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੱਕੜਾ ਮੁਸਕਰਾ ਕੇ ਕਹਿ ਰਿਹਾ ਸੀ,"ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ" ।

ਨਵਜੋਤ ਕੌਰ

Related image
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Sunday, 27 November 2016

➤ ਮੋਈਆਂ ਹੋਈਆਂ ਚਿੜੀਆਂ💁

                                                              

  ➤ ਮੋਈਆਂ ਹੋਈਆਂ ਚਿੜੀਆਂ💁

---------------------------------------------------------------------------------------------------
ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ, ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸ਼ਾਮ ਤੱਕ ਚਿੜੀਆਂ ਫਿਰ ਤੀਲਾ ਤੀਲਾ ਕਰਕੇ ਕੱਖ ਜਮਾਂ ਕਰ ਦਿੰਦੀਆਂ। ਉਹ ਇਸ ਰਸਜਾਨਾ ਦੇ ਗੰਦ ਤੇ ਝੰਜਟ ਤੋਂ ਢਾਡੀ ਤੰਗ ਆ ਚੁੱਕੀ ਸੀ। ਉਹ ਸਕੂਲੋਂ ਆਉਦੀ ਤਾਂ ਆਉਂਦਿਆਂ ਨੂੰ ਚਿੜੀਆਂ ਆਪਣਾ ਕੰਮ ਪੂਰੇ ਸੰਗਰਸ਼ ਨਾਲ ਜਾਰੀ ਰੱਖਦੀਆਂ। ਓਸ ਦੀ ਮਾਂ ਨੇ ਕਿਨੀ ਵੇਰ ਆਖਿਆ ਸੀ "ਰਿਹਣ ਦੇ ਧੀਏ, ਪੰਛੀ ਪੰਖੇਰੂਆਂ ਦਾ ਵੀ ਕੋਈ ਟਿਕਾਣਾ ਏਂ ਅੱਜ ਏਥੇ ਕੱਲ ਕਿਤੇ ਹੋਰ ...। ਇਹ ਇਥੇ ਆਪਣਾ ਘਰ ਬਣਾਉਂਣਗੀਆਂ ਤੇ ਬੱਚੇ ਪਾਲ ਕੇ ਖੌਰੇ ਕਿਥੇ ਉਡ-ਪੁੱਡ ਜਾਣਗੀਆਂ। ਮੈਨੂੰ ਤੇ ਲਗਦੈ ਇਸ ਜਗ੍ਰਾਂ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ ਬਾਰ ਬਾਰ ਇਥੇ ਕੱਖ ਕੱਠੇ ਕਰਦੀਆਂ ਨੇ। ਰਹਿਣ ਦੇ ਮੇਰੀ ਧੀ, ਇਹ ਵੀ ਤੇਰੀ ਈ ਜਾਤ ਦੀਆਂ ਨੇ ਕੁੜੀਆਂ ਤੇ ਚਿੜੀਆਂ ਦੀ ਜਾਤ ਇਕ ਏ।" ਪਰ ਉਸ ਨੇ ਫਿਰ ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿਚ ਕੇ ਬਾਹਰ ਸੁੱਟ ਦਿੱਤੇ ਕੇ ਉਸ ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏ। ਕੋਈ ਆਇਆ ਗਿਆ ਵੇਖੇਗਾ ਤਾਂ ਕੀ ਕਹੇਗਾ।

ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ, ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸ਼ਾਮ ਤੱਕ ਚਿੜੀਆਂ ਫਿਰ ਤੀਲਾ ਤੀਲਾ ਕਰਕੇ ਕੱਖ ਜਮਾਂ ਕਰ ਦਿੰਦੀਆਂ। ਉਹ ਇਸ ਰਸਜਾਨਾ ਦੇ ਗੰਦ ਤੇ ਝੰਜਟ ਤੋਂ ਢਾਡੀ ਤੰਗ ਆ ਚੁੱਕੀ ਸੀ। ਉਹ ਸਕੂਲੋਂ ਆਉਦੀ ਤਾਂ ਆਉਂਦਿਆਂ ਨੂੰ ਚਿੜੀਆਂ ਆਪਣਾ ਕੰਮ ਪੂਰੇ ਸੰਗਰਸ਼ ਨਾਲ ਜਾਰੀ ਰੱਖਦੀਆਂ। ਓਸ ਦੀ ਮਾਂ ਨੇ ਕਿਨੀ ਵੇਰ ਆਖਿਆ ਸੀ "ਰਿਹਣ ਦੇ ਧੀਏ, ਪੰਛੀ ਪੰਖੇਰੂਆਂ ਦਾ ਵੀ ਕੋਈ ਟਿਕਾਣਾ ਏਂ ਅੱਜ ਏਥੇ ਕੱਲ ਕਿਤੇ ਹੋਰ ...। ਇਹ ਇਥੇ ਆਪਣਾ ਘਰ ਬਣਾਉਂਣਗੀਆਂ ਤੇ ਬੱਚੇ ਪਾਲ ਕੇ ਖੌਰੇ ਕਿਥੇ ਉਡ-ਪੁੱਡ ਜਾਣਗੀਆਂ। ਮੈਨੂੰ ਤੇ ਲਗਦੈ ਇਸ ਜਗ੍ਰਾਂ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ ਬਾਰ ਬਾਰ ਇਥੇ ਕੱਖ ਕੱਠੇ ਕਰਦੀਆਂ ਨੇ। ਰਹਿਣ ਦੇ ਮੇਰੀ ਧੀ, ਇਹ ਵੀ ਤੇਰੀ ਈ ਜਾਤ ਦੀਆਂ ਨੇ ਕੁੜੀਆਂ ਤੇ ਚਿੜੀਆਂ ਦੀ ਜਾਤ ਇਕ ਏ।" ਪਰ ਉਸ ਨੇ ਫਿਰ ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿਚ ਕੇ ਬਾਹਰ ਸੁੱਟ ਦਿੱਤੇ ਕੇ ਉਸ ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏ। ਕੋਈ ਆਇਆ ਗਿਆ ਵੇਖੇਗਾ ਤਾਂ ਕੀ ਕਹੇਗਾ।
ਇਕ ਵਾਰ ਫਿਰ ਚਿੜੀਆਂ ਦੁਆਰਾ ਇਕੱਠੇ ਕੀਤੇ ਕੱਖ ਤੀਲਾ ਤੀਲਾ ਹੋ ਗਏ। ਅਗਲੀ ਤੁਪਿਹਰ ਜਦ ਉਹ ਸਕੂਲੋਂ ਪਰਤੀ ਤਾਂ ਚਿੜੀਆਂ ਨੇ ਫਿਰ ਕਿਨੇ ਸਾਰੇ ਘਾਅ ਫੂਸ ਤੇ ਪਰਾਲੀ ਦੇ ਤੀਲੇ ਇਕੱਠੇ ਕਰ ਰੱਖੇ ਸੀ। ਕੁਝ ਤਾਂ ਗਾਰਡਰ ਦੇ ਉੱਤੇ ਤੇ ਕੁਝ ਗਾਡਰ ਨਾਲ ਲਮਕਦੇ ਪਏ ਸਨ। ਉਸਨੂੰ ਇਹ ਵੇਖ ਕੇ ਪਹਿਲਾਂ ਤਾਂ ਬੜਾ ਗੁੱਸਾ ਆਇਆ, ਪਰ ਫਿਰ ਅਗਲੇ ਹੀ ਪਲ ਉਸ ਦੇ ਬੁੱਲ੍ਹਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ ਗਈ। ਉਸ ਨੇ ਅੱਜ ਕੱਖ ਖਿੱਚ ਕੇ ਬਾਹਰ ਨਈਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲਮਕਦੇ ਕੱਖਾਂ ਨੂੰ ਵੀ ਆਲ੍ਹਣੇ ਵਿੱਚ ਟਿਕਾ ਦਿੱਤਾ। ਪਤਾ ਨਈਂ ਇਹ ਬਦਲਾਓ ਕਿਸ ਦੀ ਪ੍ਰੇਰਣਾ ਸਦਕਾ ਸੀ। ਮਾਂ ਦੇ ਸਮਝਾਉਂਣ ਕਰਕੇ ਜਾਂ ਉਸ ਦੀ ਆਪਣੀ ਨਿਜੀ ਯਥਾ ਸ਼ਕਤੀ ਦੇ ਬਦਲਾਓ ਦਾ ੳਰਤਾਰਓ ਸੀ। ਉਸ ਨੂੰ ਚਿੜੀਆਂ ਨਾਲ ਮੋਹ ਹੋ ਗਿਆ। ਹੁਣ ਉਹ ਨਿਤ ਭੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ੍ਹਣੇ ਵਿੱਚ ਟਿਕਾ ਦਿੰਦੀ। ਦਿਨਾ ਵਿੱਚ ਚਿੜੀਆਂ ਦਾ ਘਰ ਵੱਡਾ ਹੁੰਦਾ ਗਿਆ ਤੇ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿਨੀਆਂ ਪੀੜ੍ਹੀਆਂ ਉਥੇ ਪਾਲੀਆਂ। ਕਦੀ ਕਦੀ ਤਾਂ ਕਈਂ ਕਈਂ ਚਿਰ ਆਲ੍ਹਣਾ ਖਾਲੀ ਪਿਆ ਰਹਿੰਦਾ ਤੇ ਫਿਰ ਪਤਾ ਨਹੀ ਚਿੜੀਆਂ ਕਿਧਰੋਂ ਆਉਂਦੀਆਂ ਤੇ ਆਲ੍ਹਣੇ ਦੇ ਕੱਖਾਂ ਨੂੰ ਸਵਾਰੇ ਕਰਕੇ ਆਂਡੇ ਦਿੰਦੀਆਂ । ਇਹ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ।
ਮਨਪ੍ਰੀਤ ਹੁਣ ਜਵਾਨ ਹੋ ਗਈ ਏ। ਚਿੜੀਆਂ ਉਸ ਦੀਆਂ ਪੱਕੀਆਂ ਸਹੇਲੀਆਂ ਨੇ ਹੁਣ ਪਤਾ ਨਹੀਂ ਇਹ ਓਹੋ ਚਿੜੀਆਂ ਨੇ, ਜਿਨਾਂ ਦੇ ਆਲ੍ਹਣੇ ਚੋਂ ਡਿਗੇ ਕੱਖਾਂ ਤੋਂ ਉਸ ਨੂੰ ਖਿਝ ਚੜਦੀ ਸੀ ਤੇ ਜਾਂ ਫਿਰ ਉਹਨਾਂ ਦੇ ਵੰਸ ਚੋਂ ਉਨਾ ਦੇ ਪੋਤੇ ਪੋਤਰੀਆਂ। ਉਸ ਨੂੰ ਸਾਰੀਆਂ ਚਿੜੀਆਂ ਓਸ ਤਰ੍ਹਾਂ ਦੀਆਂ ਲਗਦੀਆਂ, ਜਿਸ ਤਰ੍ਹਾਂ ਦੀਆਂ ਚਿੜੀਆਂ ਨੇ ਆਲ੍ਹਣਾਂ ਬਣਾਉਂਣਾ ਸੁਰੂ ਕੀਤਾ ਸੀ। ਭੋਲੀਆਂ ਜਿਹੀਆਂ ਚੀਂ ਚੀਂ ਕਰਦੀਆਂ ਕੁੜੀਆਂ ੳਰਗੀਆਂ। ਉਹ ਜਦੋਂ ਆਪਣੇ ਦਾਜ ਲਈ ਚਾਦਰਾਂ, ਗਲੀਚੇ ਤੇ ਫੁਲਕਾਰੀਆਂ ਉਤੇ ਕਸ਼ੀਦਾ ਪਈ ਕੱਢਦੀ ਹੁੰਦੀ ਤਾਂ ਉਹ ਉਸ ਦੇ ਆਸ ਪਾਸ ਚੋਗਾ ਚੁਗਦੀਆਂ ਰਹਿੰਦੀਆਂ । ਮਨਪ੍ਰੀਤ ਦੀ ਮਾਂ ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਰੱਖਿਆ ਸੀ ਅਤੇ ਕੁਝ ਮਹੀਨਿਆਂ ਵਿੱਚ ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਏ। ਉਹ ਵੀ ਆਪਣੇ ਵਿਆਹ ਲਈ ਕੁਝ ਬਚੀਆਂ ਰਜਾਈਟਾ ਨਗੰਦਣ, ਖੇਸਾਂ ਦੇ ਡੋਰੇ ਵੱਟਣ ਤੇ ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ ਰਹਿੰਦੀ।
ਉਹ ਕਈ ਵਾਰ ਡੂੰਘੀ ਸੋਚ ਵਿੱਚ ਗਵਾਚੀ ਆਪਣੇ ਤੇ ਚਿੜੀਆਂ ਬਾਰੇ ਸੋਚਦੀ ਰਿਹੰਦੀ। "ਜੇ ਮੈ ਇੱਥੇ ਨਾ ਰਹੀ ਤਾਂ ਕੀ ਚਿੜੀਆਂ ਉਦਾਸ ਹੋ ਜਾਣਗੀਆਂ...? ਕੀ ਉਹ ਮੈਨੂੰ ਲੱਭਣ ਲਈ ਮੇਰੇ ਸਹੁਰੇ ਪਿੰਡ ਜਾਣਗੀਆਂ....? ਕੀ ਉਹ ਮੈਨੂੰ ਦੇਰ ਨਾਲ ਇੱਥੇ ਆਈ ਨੂੰ ਪਹਿਚਾਣ ਸਕਣਗੀਆਂ....?" ਉਹ ਸੋਚਦੀ ਇਹ ਚਿੜੀਆਂ ਇਥੋਂ ਚਲੀਆਂ ਕਿਉਂ ਨਈਂ ਜਾਂਦੀਆਂ... ਕਿਉਂ ਆਈਆਂ ਨੇ ਮੈਨੂੰ ਤੰਗ ਕਰਨ...! ਸੋਚਾਂ ਵਿੱਚ ਡੁੱਬੀ ਮਨਪ੍ਰੀਤ ਨੂੰ ਉਸ ਦੀ ਮਾਂ ਆਣ ਕੇ ਹਲੂਣਦੀ, "ਕੀ ਸੋਚਦੀ ਏਂ ਪੁੱਤ।"
"ਕੁੱਝ ਨਹੀਂ ...ਬਸ ਚਿੜੀਆਂ ...?" ਉਹ ਕਿਹੰਦੀ ਕਹਿੰਦੀ ਰੁਕ ਜਾਂਦੀ।
"ਤੂੰ ਤੇ ਝੱਲੀ ਏ ਚਿੜੀਆਂ ਨੂੰ ਲੈ ਕੇ ਦੁਖੀ ਹੋਈ ਜਾਂਦੀ ਏਂ, ਇਨਾਂ ਦਾ ਕੀ ਏ ਅੱਜ ਇੱਥੇ ਕੱਲ ਕਿਤੇ ਹੋਰ ਚੋਗਾ ਪਈਆਂ ਚੁਗਣਗੀਆਂ । ਇਹ ਵੀ ਤੇਰੀਆਂ ਹੀ ਭੈਣਾਂ ਨੇ, ਕੁੜੀਆਂ ਤੇ ਚਿੜੀਆਂ ਦੀ ਤਾਂ ਕਿਸਮਤ ਵਿੱਚ ਈ ਵਿਯੋਗ ਲਿਖਿਆ ਏ। ਪਹਿਲਾਂ ਮਾਪਿਆਂ ਦਾ ਤੇ ਫਿਰ ਧੀਆਂ ਦਾ।" ਮਾਂ ਦਾ ਬੋਲਦੀ ਦਾ ਗਚ ਭਰ ਆਇਆ ਤੇ ਉਸ ਦੇ ਹੰਝੂ ਛਲਕ ਪਏ।
ਜਿਉਂ ਜਿਉਂ ਮਨਪ੍ਰੀਤ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ ਤਿਉਂ ਉਸ ਦਾ ਚਿੜੀਆਂ ਪ੍ਰਤੀ ਪਿਆਰ ਤੇ ਮੋਹ ਹੋਰ ੳਧਦਾ ਗਿਆ। ਉਹ ਵਾਰ-ਵਾਰ ਉਹਨਾ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ ਫਿਰ ਆਪੇ ਹੀ ਬੋਲ ਪੈਦੀ, "ਮੈਂ ਇਨ੍ਹਾਂ ਨੂੰ ਆਪਣੇ ਨਾਲ ਲੈ ਚੱਲਾਂਗੀ।"
ਉਨੀਂ ਦਿਨੀਂ ਤਕਰੀਬਨ ਰੋਜ਼ ਮੀਂਹ ਪੈਣ ਲੱਗੇ। ਨਿੱਤ ਦਿਨ ਹਨੇਰ ਝੱਖੜ ਆਉਂਣ ਲੱਗੇ। ਦਰਖਤ ਧਰਤੀ ਨੂੰ ਲੱਗ ਲੱਗ ਜਾਂਦੇ ਤੇ ਕਈ ਤੇ ਹਨੇਰੀ ਅੱਗੇ ਟਿਕ ਨਾ ਸਕੇ। ਮੀਂਹ ਏਨਾ ਜ਼ੋਰ ਦਾ ਸੀ ਕੇ ਬਰਾਂਡੇ ਤੋਂ ਅੱਗੇ ਅੰਦਰਾਂ ਤੱਕ ਫੰਡ ਵੱਜ-ਵੱਜ ਜਾਵੇ। ਹਨੇਰ-ਘੁੱਪ ਹੋ ਗਿਆ ਕੱਖ ਨਜ਼ਰੀ ਨਾ ਆਵੇ । ਕਰੀਬ ਦਸ ਦਿਲ ਮੀਂਹ ਪੈਦਾ ਰਿਹਾ ਤੇ ਉਸ ਦਿਨ ਵੀ ਪੂਰੀ ਰਾਤ ਮੀਂਹ ਪੈਂਦਾ ਰਿਹਾ। ਅੱਧੀ ਰਾਤ ਲੋਕ ਪਿੰਡ ਦੇ ਆਸ ਪਾਸ ਦੇ ਡੇਰਿਆਂ ਵਾਲਿਆਂ ਨੂੰ ਅਵਾਜਾਂ ਪਏ ਮਾਰਨ ਲੱਗੇ। " ਹੜ ਆ ਗਿਆ ਹੜ" ਪਾਣੀ ਦੇਖਦਿਆਂ ਦੇਖਦਿਆਂ ਲੋਕਾਂ ਦੇ ਘਰਾਂ ਵਿੱਚ ਆ ਵੜਿਆ । ਡੇਰਿਆਂ ਤੋਂ ਲੰਘਦੀ ਸੜਕ ਟੁੱਟਣ ਦੀ ਦੇਰ ਸੀ ਕਿ ਪਾਣੀ ਠਾਠਾਂ ਮਾਰਦਾ ਆ ਚੜਿਆ। ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਬਸ ਲੋਕਾਂ ਨੇ ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗਲ ਹੀ ਮਸਾਂ ਖੋਲੇ । ਜਿਨਾ ਪਸ਼ੂਆਂ ਦੇ ਰੱਸੇ ਨਾ ਵੱਡੇ ਗਏ ਉਹ ਕਿਲਿਆਂ ਤੇ ਬੱਝੇ ਹੀ ਗੋਤੇ ਖਾਣ ਲੱਗੇ। ਲੋਕ ਤਰਪਾਲਾਂ ਲੈ ਘਰਾਂ ਦੀਆਂ ਛੱਤਾਂ ਤੇ ਆ ਚੜੇ। ਮੀਂਹ ਹਟਣ ਤੋਂ ਬਾਅਦ ਦਿਨ ਚੜੇ ਦੀ ਲੋਅ ਲੱਗਣ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ। ਪਾਣੀ ਘਰਾਂ ਦੀਆਂ ਕੰਧਾ ਦੇ ਉਪਰ ਤੱਕ ਆ ਪਹੁੰਚਾ ਸੀ। ਲੋਕਾਂ ਦਾ ਸਮਾਨ, ਆਟਾ, ਕਣਕ, ਚੌਲ, ਕੱਪੜੇ, ਬਿਸਤਰੇ ਸਭ ਕੁਝ ਪਾਣੀ ਵਿੱਚ ਡੁੱਬ ਗਿਆ। ਮਨਪ੍ਰੀਤ ਦਾ ਰੀਝਾਂ ਨਾਲ ਬਣਾਇਆ ਦਾਜ, ਫੁਲਕਾਰੀਆਂ ਤੇ ਪਤਾ ਨਈਂ ਕੀ ਕੀ। 
ਜਦੋਂ ਚੰਗੀ ਤਰਾਂ ਸਵੇਰਾ ਹੋਇਆ ਤਾਂ ਉਸ ਨੇ ਛੱਤ ਤੋ ਹੇਠਾਂ ਵਿਹੜੇ ਵੱਲ ਤੱਕਿਆ। ਸਾਰੇ ਘਰ ਵਿੱਚ ਪਾਣੀ ਹੀ ਪਾਣੀ ਸੀ। ਉਸ ਨੂੰ ਆਪਣੇ ਰੀਝਾਂ ਨਾਲ ਬਣਾਏ ਦਾਜ ਦਾ ਖਿਆਲ ਆਇਆ, ਫੁਲਕਾਰੀਆਂ ਤੇ ਕੱਢੇ ਫੁੱਲ, ਚੰਨੀਆਂ ਨੂੰ ਲਾਏ ਗੋਟੇ, ਨਵੇਂ ਰੂੰ ਦੀਆਂ ਨਗੰਦੀਆਂ ਰਜਾਈਆਂ ਤੇ ਤਲਾਈਆਂ, ਰੰਗ ਬਰੰਗੀਆਂ ਪੱਖੀਆਂਠ ਰੇਸ਼ਮ ਦੇ ਸੂਟ, ਹੁਣ ਤੱਕ ਤਾਂ ਸਭ ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀ। ਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ ਦੀਆਂ ਉਪਰਲੀਆਂ ਇੱਟਾਂ ਨਾਲ ਛੂੰਹਦੇ ਪਾਣੀ ਤੇ ਪਈ। ਬਰਾਂਡੇ ਦੀ ਬਾਰਲੀ ਕੰਧ ਦੀ ਨੁੱਕਰ ਨਾਲ ਕੁਝ ਮੋਈਆਂ ਹੋਈਆਂ ਚਿੜੀਆਂ ਤੈਰ ਰਹੀਆਂ ਸਨ। ਉਸ ਨੇ ਬੜੀ ਜ਼ੋਰ ਦੀ ਚੀਕ ਮਾਰੀ ਤੇ ਬੋਲੀ, "ਹਾਏ..! ਮਾਂ ਮੇਰੀਆਂ ਭੈਣਾਂ।"
*******
ਰੋਜ਼ੀ ਸਿੰਘ
ਫਤਿਹਗੜ ਚੂੜੀਆਂ
------------------------------------------------------------------------------------------------------------
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Friday, 25 November 2016

➤ ਹੰਜੂਆਂ ਦਾ ਮੁੱਲ 🌄



                                          ਹੰਜੂਆਂ ਦਾ ਮੁੱਲ 🌄
---------------------------------------------------------------------------------------

ਇਕ ਗਰੀਬ ਪਰਿਵਾਰ ਦੇ ਵਿਚ ਇਕ ਵੱਡੀ ਉਮਰ ਦੀ ਬਜੁਰਗ ਮਾਤਾ ਅਕਸਰ ਕਿਤੇ ਕਿਤੇ ਰੋ ਪੇਂਦੀ ਸੀ ਕੇ ਉਸ ਦਾ ਪੁੱਤਰ ਉਸ ਦੀ ਕੋਈ ਗੱਲ ਨੀ ਸੁਣਦਾ ਉਸ ਦਾ ਕਹਿਣਾ ਸੀ ਕੇ ਸਾਦੀ ਤੋਂ ਪਹਿਲਾਂ ਉਸ ਦਾ ਪੁਤਰ ਉਸ ਦੀ ਹਰ ਗੱਲ ਮੰਨਦਾ ਸੀ ਹੁਣ ਆਪਣੇ ਘਰ ਵਾਲੀ ਦੇ ਪਿਛੇ ਲੱਗ ਕੇ ਮੇਰੀ ਕੋਈ ਗੱਲ ਨਹੀ ਸੁਣਦਾ ਅਤੇ ਜੋ ਬਜੁਰਗ ਮਾਤਾ ਦੀ ਨੋਹਂ ਰਾਣੀ ਸੀ ਓਹ ਵੀ ਕਈ ਵਾਰੀ ਰੋ ਪੇਂਦੀ ਸੀ ਕੇ ਉਸ ਦਾ ਪਤੀ ਉਸ ਦੀ ਕੋਈ ਗੱਲ ਨੀ ਸੁਣਦਾ ਉਸ ਪਰਿਵਾਰ ਵਿਚ ਇਕ ਛੋਟੀ ਬੱਚੀ ਸੀ ਜੋ ਹਮੇਸਾਂ ਆਪਣੇ ਬਾਪ ਨੂੰ ਕੋਈ ਨਾ ਕੋਈ ਚੀਜ ਲੈ ਕੇ ਆਉਣ ਵਾਰੇ ਕੇਹਂਦੀ ਰਹਿੰਦੀ ਅਕਸਰ ਨੂਹ ਸੱਸ ਅਤੇ ਪੋਤਰੀ ਦੇ ਹੰਜੂਆਂ ਦੀ ਵਰਸਾਤ ਵੇਖਣ ਨੂੰ ਮਿਲਦੀ ਰਹਿੰਦੀ ਗਰੀਬ ਕਿਸਾਨ ਆਪਣੀ ਮਾਂ ਘਰ ਵਾਲੀ ਅਤੇ ਬੇਟੀ ਦੇ ਹੰਜੂਆਂ ਨੂੰ ਬਿਨ ਵੇਖਇਆ ਕਰ ਦਿੰਦਾ ਉਸ ਕਿਸਾਨ ਦਾ ਇਕ ਆੜਤੀਏ ਤੋਂ ਬਹੁਤ ਚਿਰ ਦਾ ਕਰਜਾ ਲੈ ਰ੍ਖਇਆ ਸੀ -------------




ਇਕ ਦਿਨ ਆੜਤੀਏ ਨੇ ਘਰ ਆ ਕੇ ਕਿਸਾਨ ਨੂੰ ਕਰਜਾ ਵਾਪਸ ਮੋੜ੍ਹਨ ਲਈ ਕਿਹਾ ਅਤੇ ਨਾਲ ਹੀ ਕਿਹਾ ਕੇ ਜੇਕਰ ਓਹ ਉਸ ਦੇ ਪੇਸ਼ੇ ਵਾਪਸ ਨਹੀ ਕਰੇਗਾ ਤਾਂ ਓਹ ਉਸ ਦੀ ਜਮੀਨ ਤੇ ਕਬਜਾ ਕਰ ਲਵੇਗਾ ਇਹ ਸੁਣ ਕੇ ਕਿਸਾਨ ਬਹੁਤ ਉਦਾਸ ਹੋ ਗਇਆ ਓਹ ਸੋਚ ਰਿਹਾ ਸੀ ਕੇ ਖੇਤੀ ਕਰ ਕੇ ਓਹ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜੇਕਰ ਆੜਤੀਏ ਨੇ ਉਸ ਦੀ ਜਮੀਨ ਖੋ ਲਈ ਤਾਂ ਉਸ ਦੇ ਪਰਿਵਾਰ ਦਾ ਕੀ ਬਾਣੁ ਗਾ ਅਚਾਨਕ ਕਿਸਾਨ ਦੀ ਅਖ ਵਿਚੋਂ ਇਕ ਹੰਜੂ ਨਿਕਲ ਕੇ ਅਖ ਦੀ ਪਲਕ ਤੇ ਰੁਕ ਗਇਆ ---------

ਕਿਸਾਨ ਦੀ ਮਾਂ ਬੇਟੀ ਅਤੇ ਪਤਨੀ ਉਸ ਕੋਲ ਆ ਕੇ ਬੈਠ ਗਾਈਆਂ ਅਤੇ ਕਿਸਾਨ ਦੀ ਮਾਤਾ ਨੇ ਆਪਣੇ ਪੁਤਰ ਨੂੰ ਉਦਾਸੀ ਦਾ ਕਾਰਨ ਦਸਣ ਲਈ ਕਿਹਾ ਤਾਂ ਕਿਸਾਨ ਨੇ ਕੋਈ ਉਤਰ ਨਾ ਦਿਤਾ ਤਾਂ ਕਿਸਾਨ ਦੀ ਮਾਤਾ ਨੇ ਕਿਹਾ ਕੇ ਪੁਤਰ ਤੇਰੇ ਇਕ ਹੰਜੂ ਵਿਚ ਔਰਤ ਦੇ ਇਕ ਲਖ ਹੰਜੂ ਜਿਨਾ ਦਰਦ ਹੈ ਸਾਨੂੰ ਦਸ ਕੀ ਗੱਲ ਹੈ ਤਾਂ ਕਿਸਾਨ ਨੇ ਆਪਣੀ ਮਾਤਾ ਬੇਟੀ ਤੇ ਪਤਨੀ ਨੂੰ ਆੜਤੀਏ ਤੋਂ ਲਏ ਕਰਜੇ ਵਾਰੇ ਦਸੇਆ ਤਾਂ ਉਸ ਦਿਨ ਤੋਂ ਕਿਸਾਨ ਦੀ ਮਾਂ ਬੇਟੀ ਤੇ ਪਤਨੀ ਨੇ ਵੇਕਾਰ ਦੇ ਅੰਜੂ ਵਹੋਣੇ ਬੰਦ ਕਰ ਦਿਤੇ ਅਤੇ ਕਿਸਾਨ ਨਾਲ ਹਰ ਕਮ ਵਿਚ ਮਦਦ ਕਰਨ ਲਾਗੀਆਂ ਹੁਣ ਕਿਸਾਨ ਨੇ ਵੇਸਕ ਆੜਤੀਏ ਦਾ ਕਰਜਾ ਦੇਣਾ ਸੀ ਪਰ ਸਾਰਾ ਪਰਿਵਾਰ ਖੁਸ ਸੀ----------


ਭਰਪੂਰ ਮਨੀਲਾ
--------------------------------------------------------------------------------------------------------
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Wednesday, 23 November 2016

➤ਮਰਨ ਮਗਰੋ ਕੁਝ ਦਿਹਾਕਿਆ ਬਾਅਦ ਪਿੰਡ ਦੀ ਵਾਪਸੀ😒

➤ਮਰਨ ਮਗਰੋ ਕੁਝ ਦਿਹਾਕਿਆ ਬਾਅਦ ਪਿੰਡ ਦੀ ਵਾਪਸੀ😒 -----------------------------------------------------------------------------------------------------
ਇਕ ਪਿੰਡ ਵਿਚ ਇਕ ਮਿਹਨਤੀ, ਤੰਦਰੁਸਤ ਅਤੇ ਲਾਲਚੀ ਸੁਭਾ ਦਾ ਹਰੀ ਸਿੰਘ ਦੇ ਨਾਮ ਦਾ ਬੰਦਾ ਰਹਿੰਦਾ ਸੀ, ਜਿਸ ਨੂ ਹਰ ਸਮੇ ਇਹੋ ਲਾਲਚ ਰਹਿੰਦਾ ਸੀ ਕਿ ਆਹ ਵੀ ਮੇਰਾ ਹੋਜੇ ,ਉਹ ਵੀ ਮੇਰਾ ਹੋ ਜਾਵੇ, ਨਾਲ ਲਗਦੀ ਸਾਰੀ ਪੈਲੀ ਮੈ ਖਰੀਦ ਲੈਵਾ ਅਤੇ ਆਪਣੇ ਚਾਰੇ ਪੁੱਤਰਾਂ ਲਈ ਬਹੁਤ ਸਾਰੀ ਜਾਇਦਾਦ ਇਕੱਠੀ ਕਰ ਦੇਵਾ, ਫਿਰ ਮੈਨੂ ਦੁਨੀਆ ਯਾਦ ਕਰਿਆ ਕਰੇਗੀ, ਹੋਇਆ ਵੀ ਕੁਝ ਇਸੇ ਤਰ੍ਹਾ ਰੱਬ ਨੇ ਉਸ ਦੇ ਸਾਰੇ ਖੁਆਬ ਪੂਰੇ ਵੀ ਕਰ ਦਿੱਤੇ| ਕਦੀ ਕਦਾਈ ਉਹ ਆਪਣਾ ਨਾਮ ਮਸ਼ਹੂਰ ਕਰਨ ਲਈ ਗਰੀਬ ਲੋਕਾਂ ਦੀ ਥੋੜੀ ਬਹੁਤੀ ਮੱਦਦ ਵੀ ਕਰ ਦਿਆ ਕਰਦਾ| ਸਮੇ ਦੀ ਚਾਲ ਮੁਤਾਬਕ ਬੁਢੇਪਾ ਆਉਣ ਤੇ ਉਹ ਵਿਅਕਤੀ ਪ੍ਰਲੋਕ ਸਿਧਾਰ ਜਾਂਦਾ ਹੈ| ਬਾਅਦ ਵਿਚ ਚਾਰੇ ਪੁੱਤਰਾਂ ਵਿਚ ਉਸੇ ਲਾਲਚੀ ਖੂਨ ਦੇ ਲਾਲਚ ਨਾਲ ਬਟਵਾਰਾ ਹੋ ਜਾਂਦਾ ਹੈ| ਸਮਾਂ ਪੈਣ ਤੇ ਉਸ ਦੇ ਚਾਰੋ ਪੁੱਤਰ, ਪੁੱਤ ਪੋਤਿਆ ਵਾਲੇ ਹੋਣ ਮਗਰੋ ਉਹ ਵੀ ਰੱਬ ਨੂ ਪਿਆਰੇ ਹੋ ਜਾਂਦੇ ਹਨ| ਹੁਣ ਪਿੰਡ ਵਿਚ ਹਰੀ ਸਿੰਘ ਦੇ ਇਕ ਘਰ ਦੀ ਬਿਜਾਏ 15-16 ਘਰ ਬਣ ਚੁਕੇ ਸੀ, ਪਿੰਡ ਵਿਚ ਲੋਕੀ ਉਹਨਾ ਨੂ ਹਰੀ ਕਾ ਲਾਣਾ ਕਹਿਕੇ ਜਾਣਦੇ ਸਨ|ਉਪਰ ਰੱਬ ਕੋਲ ਜਾ ਕੇ ਵੀ ਹਰੀ ਸਿੰਘ ਦਾ ਜਿਆਦਾ ਧਿਆਨ ਆਪਣੀ ਜਾਇਦਾਦ ਅਤੇ ਆਪਣੇ ਪਰਿਵਾਰ ਵੱਲ ਹੀ ਰਹਿੰਦਾ ਸੀ, ਪਰਲੋਕ ਵਿਚ ਵਧੀਆ ਕਾਰਜਗਾਰੀ ਕਾਰਨ ਕੁਝ ਕੁ ਦਿਹਾਕਿਆ ਬਾਅਦ ਹਰੀ ਸਿੰਘ ਨੂ ਇਕ ਦਿਨ ਉਸ ਦੀ ਇਕ ਇਛਾ ਪੂਰੀ ਕੀਤੀ ਜਾਣ ਦੀ ਖੁਲ ਦਿੱਤੀ ਗਈ, ਤਾਂ ਹਰੀ ਸਿੰਘ ਨੇ ਝੱਟ ਪੱਟ ਕਿਹਾ ਕਿ ਮੈਨੂ ਕੁਝ ਸਾਲਾ ਲਈ ਮੇਰੇ ਪਿੰਡ ਵਾਪਿਸ ਭੇਜਿਆ ਜਾਵੇ ਮੈ ਆਪਣੇ ਪੁੱਤ ਪੋਤਰਿਆ ਦੇ ਮਕਾਨ ਅਤੇ ਜਾਇਦਾਦ ਦੇਖਣੀ ਚਾਹੁੰਦਾ ਹਾਂ ਜਿਹੜੀ ਮੈ ਸਖਤ ਮਿਹਨਤ ਕਰ ਕਰ ਕੇ ਉਨ੍ਹਾ ਲਈ ਬਣਾ ਕੇ ਆਇਆ ਸੀ, ਨਾਲੇ ਕੁਝ ਸਾਲ ਹੋਰ ਆਪਣੇ ਲਾਨੇ ਬਾਣੇ ਵਿਚ ਰਹਿਣਾ ਚਾਹੁੰਦਾ ਹਾਂ| ਤਾ ਹਰੀ ਸਿੰਘ ਦੇ ਕਹਿਣ ਤੇ ਉਸ ਨੂ ਦਸ ਸਾਲਾ ਲਈ ਹੋਰ ਉਸ ਦੇ ਪਿੰਡ ਵਾਪਿਸ ਭੇਜ ਦਿੱਤਾ ਗਿਆ| ਦਸ ਸਾਲਾਂ ਦੀ ਗੱਲ ਤਾਂ ਦੂਰ ਦੀ 2 ਕੁ ਮਹੀਨਿਆ ਬਾਅਦ ਹੀ ਹਰੀ ਸਿੰਘ ਨੇ ਪ੍ਰਲੋਕ ਦੀ ਘੰਟੀ ਵਜਾਉਣੀ ਸੁਰੂ ਕਰ ਦਿੱਤੀ ਕਿ ਮੈਨੂ ਜਲਦੀ ਪ੍ਰਲੋਕ ਵਾਪਸ ਬਲਾ ਲਵੋ…………….

ਕਾਰਨ ਇਹ ਕਿ ਜਦੋ ਕੁਝ ਦਿਹਾਕਿਆ ਬਾਅਦ ਹਰੀ ਸਿੰਘ ਆਪਣੇ ਪਿੰਡ ਵਾਪਿਸ ਆਉਂਦਾ ਹੈ ਤਾ ਪਿੰਡ ਮਹਿਲ ਕਲਾਂ ਵਾਲੇ ਮੋੜ ਤੇ ਖੇਡ ਰਹੇ ਨਿਆਣਿਆ ਨੂ ਪੁਛਦਾ ਹੈ ਕਿ ਬਚਿਓ ਪਿੰਡ ਪੰਡੋਰੀ ਨੂ ਕਿਹੜਾ ਰਸਤਾ ਜਾਂਦਾ ਹੈ, ਤਾ ਨਿਆਣੇ ਅਗਿਓ ਹੱਸ ਕੇ ਕਹਿੰਦੇ ਹਨ ਕਿ ਇਹ ਹੀ ਹੈ ਜੀ ਪਿੰਡ ਪੰਡੋਰੀ. ਤਾ ਉਹ ਬੜਾ ਹੇਰਾਨ ਹੁੰਦਾ ਹੈ ਤੇ ਸੋਚਦਾ ਹੈ ਕਿ ਮੈਨੂ ਤਾ ਨੀ ਲੱਗਦਾ ਇਹ ਮੇਰਾ ਪਿੰਡ ਹੈ, ਇਹ ਤਾ ਕੋਈ ਸਹਿਰ ਵਾਗ ਲਗਦਾ ਹੈ, ਚਲੋ ਕਿਸੇ ਸਿਆਣੇ ਨੂ ਪੁਛਦੇ ਹਾਂ, ਖੁੰਡਾ ਕੋਲ ਦਰਾਖਤਾ ਥੱਲੇ ਬੈਠੇ ਕੁਝ ਬਜੁਰਗ ਤਾਸ ਖੇਡ ਰਹੇ ਹੁੰਦੇ ਨੇ ਉਨ੍ਹਾ ਕੋਲ ਚਲਿਆ ਜਾਂਦਾ ਤੇ ਉਨ੍ਹਾ ਨੂ ਸਾਰੀ ਗੱਲ ਦਸਦਾ ਹੈ| ਉਨ੍ਹਾ ਬਜੁਰਗਾ ਵਿਚ ਕੁਝ ਬਜੁਰਗ ਉਨ੍ਹਾ ਗਰੀਬ ਪਰਿਵਾਰਾਂ ਵਿਚੋ ਸਨ ਜਿਨ੍ਹਾ ਦੀ ਹਰੀ ਸਿੰਘ ਕਦੇ ਕਦਾਈ ਥੋੜੀ ਬਹੁਤੀ ਮਦਦ ਕਰਿਆ ਕਰਦਾ ਸੀ| ਤਾ ਉਹ ਹਰੀ ਸਿੰਘ ਨੂ ਦੇਖ ਕੇ ਤੇ ਉਸ ਦੀ ਪੂਰੀ ਕਹਾਣੀ ਵਾਰੇ ਜਾਣ ਕੇ ਬਹੁਤ ਖੁਸ ਹੁੰਦੇ ਨੇ ਕਿ ਸਾਡੇ ਪਿੰਡ ਦਾ ਬੰਦਾ ਕਿਨੇ ਸਾਲਾਂ ਬਾਅਦ ਪ੍ਰਲੋਕ ਤੋ ਵਾਪਿਸ ਆਇਆ ਹੈ ਅਤੇ ਉਸ ਨੂ ਬਹੁਤ ਜਿਆਦਾ ਪਿਆਰ ਸਤਿਕਾਰ ਵੀ ਦਿੰਦੇ ਤੇ ਕਹਿੰਦੇ ਕਿ ਸਾਡੇ ਪਰਿਵਾਰਾਂ ਲਈ ਤਾ ਤੂ ਦੇਵਤਿਆ ਦੇ ਸਮਾਨ ਹੁੰਦਾ ਸੀ,ਅਸੀਂ ਤੇਰਾ ਇਸ਼ਾਨ ਕਦੀ ਨਹੀ ਭੁਲ ਸਕਦੇ, ਸਾਡੇ ਲਾਇਕ ਕੋਈ ਸੇਵਾ ਹੋਈ ਤਾ ਸਾਨੂ ਜਰੂਰ ਦਸਿਓ, ਇਹ ਸੁਣ ਕੇ ਹਰੀ ਸਿੰਘ ਵੀ ਬਹੁਤ ਖੁਸ਼ ਹੁੰਦਾ ਹੈ|.................

ਉਸ ਤੋ ਬਾਅਦ ਉਹ ਆਪਣੇ ਘਰ ਪਹੁੰਚ ਜਾਂਦਾ ਹੈ ਜਿਥੇ ਪੁਰਾਣੇ ਘਰ ਨੂ ਤੋੜ ਕੇ ਕੋਠੀ ਦਾ ਰੂਪ ਧਾਰਨ ਕਰ ਚੁਕੇ ਘਰ ਦੇ ਵਿਹੜੇ ਵਿਚ ਕਈ ਅਜਨਬੀ ਔਰਤਾ ਅਤੇ ਬੱਚਿਆ ਨੂ ਦੇਖਦਾ ਹੈ ਅਤੇ ਘਰ ਦੇ ਸਾਰੇ ਜੀਆ ਨੂ ਇਕੱਠੇ ਕਰਕੇ ਉਨ੍ਹਾ ਨੂ ਆਪਣੀ ਹੱਡਬੀਤੀ ਸੁਨਾਉਦਾ ਹੈ| ਤਾਂ ਪਹਿਲਾਂ ਤਾ ਘਰ ਦੇ ਮਜੂਦਾ ਮਲਿਕ ਬਹੁਤ ਖੁਸ ਹੁੰਦੇ ਹਨ ਪਰ ਇਹ ਪਤਾ ਲੱਗਣ ਤੇ ਕੇ ਬੁਢਾ ਤਾ 10 ਸਾਲਾਂ ਲਈ ਆਇਆ ਹੈ ਤਾਂ ਕੁਝ ਸੋਚਾਂ ਵਿਚ ਨਜਰ ਆਉਂਦੇ ਹਨ, ਇਕ ਦੋ ਦਿਨ ਬੀਤ ਜਾਣ ਤੇ ਹਰੀ ਸਿੰਘ ਦੀਆ ਗੱਲਾਂ ਅਤੇ ਟੋਕ ਟਕਾਈ ਤੋ ਤੰਗ ਆ ਕੇ ਕਹਿੰਦੇ ਹਨ ਕੇ ਬਾਪੂ ਜੀ ਹੁਣ ਤੁਸੀਂ ਇਦਾ ਕਰੋ ਕਿ ਦੋ ਦੋ ਦਿਨ ਬਾਕੀ ਘਰਾਂ ਵਿਚ ਵੀ ਰਹਿ ਆਵੋ ਉਹਨਾ ਘਰਾਂ ਤੇ ਵੀ ਤੁਹਾਡਾ ਉਨਾ ਹੀ ਹੱਕ ਹੈ ਜਿਨਾ ਇਸ ਘਰ ਤੇ, ਨਾਲੇ ਆਪਣੇ ਦੂਜੇ ਘਰਾਂ ਵਾਲੇ ਕਿਤੇ ਤੁਹਾਡੇ ਨਾਲ ਨਰਾਜਹੀ ਨਾ ਹੋ ਜਾਵਣ, ਹਰੀ ਸਿੰਘ ਨੂ ਧੱਕੇ ਨਾਲ ਹੀ ਇਕ ਦੋ ਦਿਨਾ ਬਾਅਦ ਕਦੀ ਦੂਜਿਆ ਦੇ ਘਰ ਕਦੀ ਤੀਜਿਆ ਦੇ ਘਰ ਭੇਜਣ ਲੱਗੇ ਤਾਂ ਹਰੀ ਸਿੰਘ ਗੁੱਸੇ ਵਿਚ ਆ ਗਿਆ, ਤਾਂ ਇਕ ਦਿਨ ਉਸ ਨੇ ਸਾਰੇ ਲਾਨੇ ਨੂ ਇਕੱਠਿਆਂ ਕਰ ਕੇ ਇਹ ਫੈਸਲਾ ਕੀਤਾ ਕਿ ਥੋਡੇ ਨਾਲ ਮੇਰੀ ਨਹੀ ਨਿਭਣੀ ਇਸ ਲਈ ਮੈਨੂ ਇਕ ਵੱਖਰਾ ਮਕਾਨ ਅਤੇ ਮੇਰੀ ਜਮੀਨ ਚੋ ਮੇਰਾ ਬਣਦਾ ,ਹਿੱਸਾ ਮੈਨੂ ਦੇ ਦੇਵੋ ਮੈ 10 ਸਾਲ ਆਪਣਾ ਗੁਜਾਰਾ ਖੁਦ ਕਮਾਈ ਕਰ ਕੇ ਕਰ ਲੈਵਾਗਾ, ਇਹ ਗੱਲ ਸੁਣ ਕੇ ਮਜੂਦਾ ਜਮੀਨ ਜਾਇਦਾਦ ਮਾਲਕਾਂ ਨੂ ਜਿਵੇ ਅੱਗ ਹੀ ਲੱਗ ਗਈ ਹੋਵੇ, ਉਹ ਤਾ ਅੱਡੀਆਂ ਚੁਕ ਕੇ ਹਰੀ ਸਿੰਘ ਦੇ ਮਗਰ ਹੀ ਪੈ ਗਏ ਅਤੇ ਉਸ ਨੂ ਅਵਾ ਤਵਾ ਬੋਲਣ ਲੱਗ ਪਏ, ਕਹਿੰਦੇ ਸਿਵਿਆ ਵਿਚੋ ਆ ਕੇ ਹੁਣ ਤੂ ਜਮੀਨ ਭਾਲਦਾਂ, ਨਾਲੇ ਸਾਡੇ ਕੋਲ ਤਾਂ ਪਹਿਲਾਂ ਹੀ ਕੀਲਿਆ ਤੋ ਕਿਨਾਲਾ ਰੈਹ੍ਹ ਗਈ ਹੈ, ਉਸ ਵਿਚੋ ਤੈਨੂ ਦੱਸ ਅਸੀਂ ਕੀ ਦੇ ਦਈਏ, ਤਾ ਹਰੀ ਸਿੰਘ ਜਦੋ ਜਿਆਦਾ ਗੁੱਸਾ ਦਿਖਾਉਣ ਲਗਿਆ ਤਾ ਇਕ ਸਿਰ ਫਿਰਿਆ ਅੰਦਰੋ ਰਾਈਫਲ ਲਿਆ ਕੇ ਕਹਿਣ ਲੱਗਾ ਬੁਢਿਆ ਜੇ ਭਲੀ ਚਹੁਨਾਂ ਤਾ ਜਾ ਚਲਿਆ ਜਾ ਜਿਥੋ ਆਇਆ ਨਹੀ ਤਾ ਮੈ ਗੋਲੀ ਮਾਰ ਦੇਣੀ ਹੈ ਤੇਰੇ|............................

ਅੰਤ ਕੀ ਹੁੰਦਾ ਹੈ ਕਿ ਹਰੀ ਸਿੰਘ ਨੂ ਕੁਝ ਦਿਨ ਉਨ੍ਹਾ ਗਰੀਬ ਲੋਕਾਂ ਦੇ ਘਰ ਹੀ ਰਹਿਣਾ ਪੈਂਦਾ ਹੈ ਜਿਹਨਾ ਨੂ ਉਹ ਜਵਾਨੀ ਵੇਲੇ ਕਦੀ ਕਦਾਈ ਰੋਟੀ ਟੁਕ ਜਾ ਕੋਈ ਹੋਰ ਵਾਸਤ ਦੇ ਕੇ ਥੋੜੀ ਬਹੁਤੀ ਮਦਦ ਕਰਿਆ ਕਰਦਾ ਸੀ| ਇਕ ਦਿਨ ਆਪਣੇ ਖੇਤਾ ਵੱਲ ਗੇੜਾ ਮਾਰਦਾ ਹੈ ਤਾ ਮਨ ਵਿਚ ਬਹੁਤ ਰੋਂਦਾ ਹੈ ਕਿ ਮੈ ਇਸ ਮਿੱਟੀ ਲਈ ਕੀ-ਕੀ ਨਹੀ ਕੀਤਾ ਪਰ ਅੱਜ ਇਸ ਮਿੱਟੀ ਤੇ ਮੇਰਾ ਕੋਈ ਹੱਕ ਨਹੀ ਹੈ, ਤੇ ਫਿਰ ਹਰ ਰੋਜ ਅਰਦਾਸ ਕਰਦਾ ਕਿ ਰੱਬਾ ਮੈਤੋ ਗਲਤੀ ਹੋ ਗਈ ਹੈ ਹੁਣ ਤੁਸੀਂ ਮੈਨੂ ਦੁਆਰਾ ਵਾਪਸ ਪਰਲੋਕ ਚ ਬਲਾ ਲਵੋ ਤਾਂ ਇਕ ਦਿਨ ਉਸ ਦੀ ਇਹ ਅਰਦਾਸ ਵੀ ਪੂਰੀ ਹੋ ਜਾਂਦੀ ਹੈ..........................

ਇਸ ਦੁਨੀਆ ਤੇ ਕੁਝ ਵੀ ਕਿਸੇ ਦਾ ਨਹੀ ਹੈ ਸਮੇਂ ਸਮੇਂ ਨਾਲ ਮਾਲਕ ਬਦਲਦੇ ਰਹਿੰਦੇ ਹਨ, ਜਿਸ ਚੀਜ ਤੇ ਜਿਸਦਾ ਕਬਜਾ ਹੁੰਦਾ ਹੈ ਉਹ ਹੀ ਸਮੇ ਦਾ ਮਾਲਕ ਹੁੰਦਾ ਹੈ ਅਤੇ ਨਾ ਹੀ ਬੰਦੇ ਦੇ ਕੁਝ ਨਾਲ ਜਾਣਾ ਹੁੰਦਾ ਹੈ, ਚੰਗਾ ਹੁੰਦਾ ਹੈ ਕਿ ਦਸਾਂ ਨੌਹਾ ਦੀ ਕਮਾਈ ਵਿਚੋ ਦਸਵੰਦ ਕੱਡ ਕੇ ਕਿਸੇ ਦਾ ਭਲਾ ਕੀਤਾ ਜਾਵੇ, ਜਿਸ ਨਾਲ ਆਪਣੀ ਅਤੇ ਦੂਜਿਆ ਦੀ ਆਤਮਾ ਖੁਸ ਹੁੰਦੀ ਹੈ ਜਦੋ ਕਿਸੇ ਦੀ ਆਤਮਾ ਖੁਸ ਹੁੰਦੀ ਹੈ ਤਾ ਰੱਬ ਵੀ ਖੁਸ ਹੁੰਦਾ ਹੈ|............

 ਰਣਜੀਤ ਗਰੇਵਾਲ ਪੰਡੋਰੀ (ਇਟਲੀ)
                       ✎𝌀𝌀𝌀𝌀𝌀𝌀𝌀𝌀✸✸✸✸✸✸✸✸✸✸✸✸✸✸✸𝌀𝌀𝌀𝌀𝌀𝌀𝌀𝌀✎

ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ

Tuesday, 22 November 2016

➤ਦਿਲ ਵਿਚ ਬਲਦੇ ਸਿਵੇ ਦਾ ਸੱਚ ⏪ਭਿੰਦਰ ਜਲਾਲਾਬਾਦੀ

        ➤ਦਿਲ ਵਿਚ ਬਲਦੇ ਸਿਵੇ ਦਾ ਸੱਚ  ⏪ਭਿੰਦਰ ਜਲਾਲਾਬਾਦੀ

***************************************************************** 


ਬੰਤ ਕੌਰ ਨੂੰ ਇਸ ਪਿੰਡ ਵਿਚ ਆਇਆਂ ਤਕਰੀਬਨ ਪੱਚੀ ਸਾਲ ਹੋ ਗਏ ਸਨ। ਜੁਆਨੀਂ ਵੇਲੇ ਉਹ ਆਪਣੇ ਪ੍ਰੀਵਾਰ ਸਮੇਤ ਪੰਜਾਬ ਤੋਂ ਕਿਤੇ ਬਾਹਰ ਰਹਿੰਦੀ ਸੀ। ਪਰ ਬੰਤ ਕੌਰ ਦੇ ਦੱਸਣ ਮੁਤਾਬਿਕ ਉਸ ਦੇ ਪ੍ਰੀਵਾਰ ਨੂੰ ਬਿਜ਼ਨਿਸ ਵਿਚ ਕਾਫ਼ੀ ਘਾਟਾ ਪੈ ਗਿਆ ਸੀ। ਇਸ ਲਈ ਉਸ ਨੇ ਆਪਣਾ ਸ਼ਹਿਰ ਛੱਡ ਕੇ ਇਸ ਪਿੰਡ ਵਿਚ ਵਸੇਬਾ ਕਰ ਲਿਆ ਸੀ। ਲੋਕ ਹੈਰਾਨ ਸਨ ਕਿ ਬੰਤ ਕੌਰ ਇਕੱਲੀ ਹੀ ਕਿਉਂ ਰਹਿੰਦੀ ਸੀ? ਉਸ ਦਾ ਬਾਕੀ ਪ੍ਰੀਵਾਰ ਕਿੱਥੇ ਸੀ? ਉਸ ਨੂੰ ਕੋਈ ਮਿਲਣ-ਗਿਲਣ ਵਾਲਾ ਕਿਉਂ ਨਹੀਂ ਆਉਂਦਾ ਸੀ?

ਬੰਤ ਕੌਰ ਘਰੋਂ ਬਹੁਤ ਘੱਟ ਬਾਹਰ ਨਿਕਲਦੀ ਅਤੇ ਅੰਦਰ ਹੀ ਵੜੀ ਰਹਿੰਦੀ। ਲੋਹੜੀ ਮੌਕੇ ਤਾਂ ਉਹ ਬਿਲਕੁਲ ਹੀ ਕਿਸੇ ਨੂੰ ਦਿਖਾਈ ਨਾ ਦਿੰਦੀ। ਬੂਹੇ-ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀ ਅਤੇ ਚੁੱਪ ਚਾਪ ਸੁਣੀ ਜਾਂਦੀ। ਕੀਰਤਨ ਦੀਆਂ ਵੈਰਾਗਮਈ ਪੰਗਤੀਆਂ ਸੁਣ ਕੇ ਕਈ ਵਾਰ ਉਸ ਦੀਆਂ ਅੱਖਾਂ ਵਿਚੋਂ ਹੰਝੂ ਗੜਿਆਂ ਵਾਂਗ ਵਰ੍ਹਦੇ। ਪਰ ਕਿਸੇ ਨੂੰ ਉਸ ਦੇ ਦਿਲ ਦੇ ਦਰਦ ਦਾ ਨਹੀਂ ਪਤਾ ਸੀ ਕਿ ਉਸ ਦੇ ਦਿਲ ਅੰਦਰ ਬਲਦੇ ਸਿਵੇ ਦਾ ਕਿਹੜਾ ਸੱਚ ਸੀ? ਬੰਤ ਕੌਰ ਬਹੁਤਾ ਕਿਸੇ ਨਾਲ ਵਾਹ ਵੀ ਨਹੀਂ ਰੱਖਦੀ ਸੀ। ਸਾਰਾ ਪਿੰਡ ਦੰਗ ਸੀ ਕਿ ਲੋਹੜੀ ਮੌਕੇ ਆ ਕੇ ਬੰਤ ਕੌਰ ਨੂੰ ਕੀ ਹੋ ਜਾਂਦਾ ਹੈ? ਅਤੇ ਉਹ ਕਿਸੇ ਦੇ ਮੱਥੇ ਕਿਉਂ ਨਹੀਂ ਲੱਗਦੀ? ਕਈ ਬੰਦੇ-ਬੁੜ੍ਹੀਆਂ ਨੇ ਉਸ ਨੂੰ ਬਾਤ ਜਿਹੀ ਪਾ ਕੇ ਇਸ ਦਾ ਕਾਰਨ ਪੁੱਛ ਵੀ ਲਿਆ ਸੀ। ਪਰ ਬੰਤ ਕੌਰ ਨੇ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦਿੱਤਾ ਸੀ। ਜਾਂ ਤਾਂ ਉਹ ਘੁੱਟ ਜਿਹੀ ਵੱਟ ਕੇ ਚੁੱਪ ਕਰ ਜਾਂਦੀ ਅਤੇ ਜਾਂ "ਓਸ ਰੱਬ ਸੱਚੇ ਦਾ ਭਾਣਾਂ ਸੀ ਭਾਈ" ਕਹਿ ਕੇ ਅਸਮਾਨ ਵੱਲ ਹੱਥ ਜੋੜ ਦਿੰਦੀ। ਇਸ ਤੋਂ ਵੱਧ ਉਹ ਕਿਸੇ ਦੇ ਕੁਝ ਵੀ ਪਿੜ-ਪੱਲੇ ਨਾ ਪਾਉਂਦੀ। ਲੋਕ ਹੈਰਾਨ ਸਨ।

"ਆਮ ਲੋਕ ਕਹਿੰਦੇ ਹੁੰਦੇ ਨੇ ਬਈ ਔਰਤ ਦੇ ਅੰਦਰ ਗੱਲ ਨਹੀਂ ਪਚਦੀ, ਪਰ ਆਹ ਸਹੁਰੀ ਬੰਤ ਕੁਰ ਕੋਈ ਗੱਲ ਹੀ ਨਹੀਂ ਦੱਸਦੀ?" ਬਾਬਾ ਰੂੜ ਸਿੰਘ ਆਖਦਾ।
"ਕਹਿੰਦੇ ਹੁੰਦੇ ਐ ਦੁੱਖ ਦੱਸਿਆਂ ਅੱਧਾ ਰਹਿ ਜਾਂਦੈ!"
"ਪਰ ਕਈ ਦੁੱਖ ਵੀ ਐਹੋ ਜਿਹੇ ਹੁੰਦੇ ਨੇ ਬਾਬਾ ਜੀ, ਦੱਸੇ ਤੋਂ ਦੂਣੇ-ਚੌਣੇ ਹੋ ਜਾਂਦੇ ਐ!"
ਸੱਥ ਵਿਚ ਆਮ ਚਰਚਾ ਚੱਲਦੀ ਰਹਿੰਦੀ।

....ਦਰਅਸਲ ਵਿਚ ਗੱਲ ਹੋਰ ਸੀ। ਬੰਤ ਕੌਰ ਆਪਣੇ ਦਿਲ ਦਾ ਪਹਾੜ ਜਿੱਡਾ ਦੁੱਖ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੁੰਦੀ ਸੀ। ਜਦ ਉਹ ਇਸ ਬਾਰੇ ਕਦੇ ਕੋਈ ਗੱਲ ਕਰਨ ਲੱਗਦੀ ਤਾਂ ਉਸ ਦਾ ਸੋਹਣਾ ਸੁਨੱਖਾ ਪੁੱਤ ਸੁੱਖੀ ਉਸ ਦੀ ਹਿੱਕ 'ਤੇ ਆ ਚੜ੍ਹਦਾ। ਉਸ ਦਾ ਦਿਲੋਂ ਮੋਹ ਕਰਨ ਵਾਲਾ ਕੰਤ ਉਸ ਨੂੰ ਘੂਰ ਕੇ ਚੁੱਪ ਰਹਿਣ ਲਈ ਆਖਦਾ। ਚਾਹੇ ਬੰਤ ਕੌਰ ਪੱਚੀ ਸਾਲ ਤੋਂ ਬਿਲਕੁਲ ਇਕੱਲੀ ਰਹਿ ਰਹੀ ਸੀ। ਪਰ ਕਲਪਨਾ ਦੀ ਛਾਇਆ ਵਿਚ ਉਹ ਹਮੇਸ਼ਾ ਆਪਣੇ ਪ੍ਰੀਵਾਰ ਵਿਚ ਵਸਦੀ ਸੀ। ਇਸ ਲਈ ਬੰਤ ਕੌਰ ਬਹੁਤੀ ਇਕੱਲੀ ਹੀ ਰਹਿਣਾ ਚਾਹੁੰਦੀ ਸੀ।

ਉਸ ਦਾ ਪਤੀ ਭਗਵਾਨ ਸਿੰਘ ਕਲਕੱਤੇ ਅਤੇ ਕਾਨ੍ਹਪੁਰ ਵਿਚ ਸੜਕਾਂ ਅਤੇ ਪੁਲਾਂ ਦੇ ਠੇਕੇ ਲੈਂਦਾ ਸੀ। ਜਦ ਉਹ ਬਣ-ਠਣ ਕੇ, ਪਟਿਆਲਾ ਸ਼ਾਹੀ ਪੱਗ ਬੰਨ੍ਹ ਘਰੋਂ ਨਿਕਲਦਾ ਤਾਂ ਬੰਤ ਕੌਰ ਨੂੰ 'ਹੌਲ' ਪੈਣ ਵਾਲਾ ਹੋ ਜਾਂਦਾ, "ਇਹ ਬੰਦਾ ਕਿਸੇ ਤੋਂ ਨਜ਼ਰ ਲੁਆਊਗਾ!" ਉਹ ਆਪਣੇ ਮਨ ਨਾਲ ਗੱਲ ਕਰਦੀ। ਬੰਤ ਕੌਰ ਲੋਕਾਂ ਦੀ ਬੁਰੀ ਨਜ਼ਰ ਤੋਂ ਬਹੁਤ ਡਰਦੀ ਸੀ।

"ਬੁਰੀ ਨਜ਼ਰ ਤਾਂ ਕੰਧਾਂ ਪਾੜ ਦਿੰਦੀ ਐ, ਮਾਹੀ! ਤੁਸੀਂ ਬਹੁਤਾ ਨ੍ਹਾਅ-ਧੋ ਕੇ ਬਾਹਰ ਨਾ ਨਿਕਲਿਆ ਕਰੋ!" ਉਹ ਉਸ ਨੂੰ ਬਹੁਤਾ ਪਹਿਨਣ-ਪੱਚਰਨ ਤੋਂ ਆਨੇ-ਬਹਾਨੇ ਵਰਜਦੀ ਰਹਿੰਦੀ। ਉਹ ਭਗਵਾਨ ਸਿੰਘ ਨੂੰ 'ਮਾਹੀ' ਆਖ ਕੇ ਬੁਲਾਉਂਦੀ। ਭਗਵਾਨ ਸਿੰਘ ਮੂੰਹ ਦਾ ਹੀ ਅੜਬ ਅਤੇ ਸੁਭਾਅ ਦਾ ਹੀ ਗਰਮ ਸੀ। ਪਰ ਆਪਣੀ ਬੀਵੀ 'ਤੇ ਉਹ ਜਾਨ ਛਿੜਕਦਾ, ਕੁਰਬਾਨ ਜਾਂਦਾ ਸੀ।
"ਹੋਰ ਮੈਂ ਬਾਹਰ ਹੁਣ ਗੋਹਾ ਮਲ ਕੇ ਜਾਇਆ ਕਰਾਂ? ਤੂੰ ਪੜ੍ਹੀ ਲਿਖੀ ਹੋ ਕੇ ਵੀ ਮੂਰਖ਼ ਦੀ ਮੂਰਖ਼ ਈ ਰਹੀ!" ਭਗਵਾਨ ਸਿੰਘ ਖਿਝਦਾ।

"ਆਹ ਕਾਲਾ ਟਿੱਕਾ ਲਾ ਲੈਣ ਦਿਓ ਮੈਨੂੰ! ਤੁਹਾਡਾ ਕਿਹੜਾ ਕੋਈ ਮੁੱਲ ਲੱਗਦੈ?" ਉਹ ਤਵੇ ਦੀ ਕਾਲਖ ਨਾਲ ਉਂਗਲ ਲਬੇੜੀ ਉਸ ਦੇ ਮਗਰ ਭੱਜ ਕੇ ਆਉਂਦੀ।
"ਤੂੰ ਕਮਲੀ ਤਾਂ ਨਹੀਂ ਹੋ ਗਈ? ਮੈਂ ਮੀਟਿੰਗ 'ਤੇ ਜਾਣ ਲਈ ਨ੍ਹਾਈ-ਧੋਈ ਫ਼ਿਰਦੈਂ ਤੇ ਤੂੰ...? ਇਹਨੂੰ ਇੱਕੀਵੀਂ ਸਦੀ 'ਚ ਜਾ ਕੇ ਵੀ ਅਕਲ ਨਾ ਆਈ! ਕਮਲਾ ਲਾਣਾਂ!"


ਪਰ ਬੰਤ ਕੌਰ ਗਾਲਾਂ-ਝਿੜਕਾਂ ਖਾਂਦੀ ਵੀ ਆਪਣੇ ਕੰਤ ਦੇ 'ਨਜ਼ਰਵੱਟੂ' ਕਾਲਾ ਟਿੱਕਾ ਲਾ ਜਾਂਦੀ।ਬੰਤ ਕੌਰ ਦਾ ਪੁੱਤ ਸੁੱਖੀ ਛੇ ਸਾਲ ਦਾ ਸੀ। ਭਗਵਾਨ ਸਿੰਘ ਦੇ ਜਾਣ ਤੋਂ ਬਾਅਦ ਉਹ ਆਪਣੇ ਪੁੱਤਰ ਵਿਚ ਪਰਚੀ ਰਹਿੰਦੀ। ਉਸ ਨਾਲ ਖੇਡਦੀ, ਲਾਡ ਕਰਦੀ। ਨੁਹਾ-ਧੁਆ ਕੇ ਉਸ ਦੇ ਸਿਰ ਪਿੱਛੇ 'ਤੇ ਮੀਢੀ ਕਰ, ਜੂੜਾ ਕਰਦੀ। ਪਟਕਾ ਬੰਨ੍ਹਦੀ। ਕੇਸਾਂ ਨਾਲ ਬੰਤ ਕੌਰ ਨੂੰ ਅਥਾਹ ਮੋਹ ਸੀ। ਹਰ ਪੱਖੋਂ ਉਸ ਦੀ ਜ਼ਿੰਦਗੀ ਖ਼ੁਸ਼ਹਾਲ ਸੀ। ਭਗਵਾਨ ਸਿੰਘ ਕੰਮ-ਧੰਦੇ ਵਿਚ ਕਈ-ਕਈ ਰਾਤਾਂ ਬਾਹਰ ਹੀ ਰਹਿੰਦਾ। ਕਈ ਵਾਰ ਤਾਂ ਉਹ ਹਫ਼ਤਾ-ਹਫ਼ਤਾ ਨਾ ਮੁੜਦਾ। ਜਦ ਮੁੜਦਾ ਤਾਂ ਬੰਤ ਕੌਰ ਲਈ ਸੂਟ-ਸਾੜ੍ਹੀਆਂ ਦੇ ਢੇਰ ਲਾ ਦਿੰਦਾ। ਪੁੱਤਰ ਸੁੱਖੀ ਲਈ ਖੁੱਲ੍ਹੀ ਖ਼ਰੀਦਾ ਫ਼ਰੋਖ਼ਤੀ ਕਰ ਲਿਆਉਂਦਾ। ਬੜੀ ਹੀ ਆਨੰਦਮਈ ਬਣੀ ਜ਼ਿੰਦਗੀ ਦੀ ਗੱਡੀ ਲੀਹੋ-ਲੀਹ ਭੱਜੀ ਜਾ ਰਹੀ ਸੀ।

ਅਗਲੇ ਦਿਨ ਸ਼ਾਮ ਨੂੰ ਭਗਵਾਨ ਸਿੰਘ ਨੇ ਫ਼ਿਰ ਹਫ਼ਤੇ ਲਈ ਕਲਕੱਤੇ ਜਾਣਾ ਸੀ।

"ਐਤਕੀਂ ਆਪਾਂ ਦਸੰਬਰ ਵਿਚ ਦਰਬਾਰ ਸਾਹਿਬ ਦੇ ਦਰਸ਼ਣ ਕਰ ਕੇ ਆਉਣੇ ਐਂ!"
"ਹਾਂ, ਪੰਜਾਬ ਗਿਆਂ ਨੂੰ ਵੀ ਬਹੁਤ ਦੇਰ ਹੋ ਗਈ।" ਬੰਤ ਕੌਰ ਨੇ ਹਾਮੀ ਭਰੀ।
ਗੱਲਾਂ-ਬਾਤਾਂ ਕਰਦੇ ਅਤੇ ਸਕੀਮਾਂ ਬਣਾਉਂਦੇ ਉਹ ਸੌਂ ਗਏ।

ਅਗਲੇ ਦਿਨ ਇਕ ਦਿਲ ਹਿਲਾ ਦੇਣ ਵਾਲੀ ਖ਼ੌਫ਼ਨਾਕ ਖ਼ਬਰ ਆਈ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ! ਖ਼ਬਰ ਨੇ ਲੋਕਾਂ ਦੇ ਸਾਹ ਸੂਤ ਲਏ। ਪ੍ਰਧਾਨ ਮੰਤਰੀ ਦਾ ਕਤਲ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਕੀਤਾ ਸੀ। ਇਸ ਲਈ ਸਿੱਖਾਂ ਖ਼ਿਲਾਫ਼ ਨਫ਼ਰਤ ਦਾ ਗ੍ਰਹਿ ਚੱਲ ਪਿਆ ਅਤੇ ਨਿਰਦੋਸ਼ੇ ਸਿੱਖਾਂ ਦੀ ਸ਼ਾਮਤ ਆ ਗਈ। ਪਰ ਭਗਵਾਨ ਸਿੰਘ ਅਤੇ ਬੰਤ ਕੌਰ ਦੇ ਮਨ ਵਿਚ ਕੋਈ ਡਰ-ਭੈਅ ਨਹੀਂ ਸੀ। ਉਹਨਾਂ ਨੇ ਕਿਹੜਾ ਕਿਸੇ ਨੂੰ ਕੁਝ ਆਖਿਆ ਜਾਂ ਕੁਝ ਕੀਤਾ ਸੀ? ਉਸ ਦਿਨ ਬੰਤ ਕੌਰ ਨੇ ਭਗਵਾਨ ਸਿੰਘ ਨੂੰ ਸਖ਼ਤੀ ਨਾਲ ਆਪਣਾ ਪਤਨੀ ਵਾਲਾ ਹੱਕ ਜਤਾ ਕੇ ਕਲਕੱਤੇ ਜਾਣੋਂ ਰੋਕ ਲਿਆ।

"ਦੇਖੋ ਜੀ, ਦੇਸ਼ ਦੀ ਐਡੀ ਹਸਤੀ ਦੀ ਹੱਤਿਆ ਹੋ ਗਈ, ਪਤਾ ਨਹੀਂ ਕੀ ਜੱਗ ਪਰਲੋ ਆਊਗੀ? ਤੁਸੀਂ ਅਜੇ ਕਲਕੱਤੇ ਨਾ ਜਾਓ! ਆਪਣਾ ਘਰ, ਆਪਣਾ ਘਰ ਈ ਹੁੰਦੈ! ਤੁਸੀਂ ਆਪਣੇ ਬੰਦਿਆਂ ਨੂੰ ਫ਼ੋਨ ਕਰ ਦਿਓ ਕਿ ਮੈਂ ਅਜੇ ਚਾਰ ਦਿਨ ਆ ਨਹੀਂ ਸਕਦਾ, ਸਾਰੇ ਜਹਾਨ ਨੂੰ ਈ ਪਤਾ ਹੋਊ ਬਈ ਦੇਸ਼ 'ਚ ਕੀ ਭਾਣਾ ਵਰਤ ਗਿਆ?" ਬੰਤ ਕੌਰ ਨੇ ਆਖਿਆ ਸੀ।

"ਚੱਲ ਦੋ ਦਿਨ ਹੋਰ ਠਹਿਰ ਕੇ ਚਲਾ ਜਾਊਂ!" ਆਖ ਭਗਵਾਨ ਸਿੰਘ ਨੇ ਫ਼ੋਨ ਨੂੰ ਹੱਥ ਪਾ ਲਿਆ ਅਤੇ ਆਪਣੇ 'ਪਾਰਟਨਰ' ਨੂੰ ਦੋ ਦਿਨ ਠਹਿਰ ਕੇ ਆਉਣ ਲਈ ਆਖ ਦਿੱਤਾ।
ਦੇਸ਼ ਭਰ ਵਿਚ ਅੱਗ ਮੱਚ ਗਈ ਸੀ।


ਜਾਨੂੰਨੀ ਲੋਕਾਂ ਦਾ ਬਿਕਰਾਲ ਕਰੋਧ ਬੇਦੋਸ਼ੇ ਸਿੱਖਾਂ 'ਤੇ ਨਿਕਲ ਰਿਹਾ ਸੀ। ਪਰ ਇੱਧਰ ਅਜੇ ਕੁਝ ਸ਼ਾਂਤੀ ਸੀ।ਤੀਜੀ ਰਾਤ ਕਾਨਪੁਰ ਦੇ 'ਚਕੇਰੀ' ਏਅਰਪੋਰਟ ਤੋਂ ਭਗਵਾਨ ਸਿੰਘ ਦੀ ਕਲਕੱਤਾ ਦੀ ਫ਼ਲਾਈਟ ਸੀ। ਠੰਢੀ ਸਰਦ ਰਾਤ ਸੀ। ਭਗਵਾਨ ਸਿੰਘ ਨਹਾ-ਧੋ ਕੇ ਤਿਆਰ ਹੋ ਗਿਆ। ਅਜੇ ਉਹ ਆਪਣਾ ਬਰੀਫ਼ਕੇਸ ਚੁੱਕ ਕੇ ਤੁਰਨ ਹੀ ਲੱਗਾ ਸੀ ਕਿ ਬੰਤ ਕੌਰ ਫ਼ਿਰ ਤਵੇ ਦੀ ਕਾਲਖ ਨਾਲ ਉਂਗਲ ਲਬੇੜ ਕੇ ਟਿੱਕਾ ਲਾਉਣ ਲਈ ਆ ਖੜ੍ਹੀ ਹੋਈ। ਉਸ ਦੇ ਪਿੱਛੇ ਉਸ ਦਾ ਪੁੱਤ ਸੁੱਖੀ ਵੀ ਭੱਜਿਆ ਆ ਰਿਹਾ ਸੀ।

"ਆਹ ਤਾਂ ਲੁਆ ਲਓ, ਕਿਵੇਂ ਭੱਜੇ ਜਾਂਦੇ ਐ!"
"ਤੈਨੂੰ ਕਿੰਨੀ ਵਾਰੀ ਕਿਹੈ ਬਈ ਇਹ ਕਾਲੇ ਟਿੱਕਿਆਂ ਵਾਲੇ ਸ਼ੋਸ਼ੇ ਜਿਹੇ ਨਾ ਕਰਿਆ ਕਰ! ਤੂੰ ਔਰਤਾਂ ਵਾਲੀ ਮੱਤ ਕਿਉਂ ਵਰਤਦੀ ਐਂ?"


"ਜੀ ਚੰਗਾ ਹੁੰਦੈ!" ਤੇ ਅਜੇ ਉਹ ਟਿੱਕਾ ਲਾ ਕੇ ਹਟੀ ਹੀ ਸੀ ਕਿ ਸ਼ਰਾਬੀ ਅਤੇ ਭੜ੍ਹਕੀ ਭੀੜ੍ਹ ਮਰਹੂਮ ਪ੍ਰਧਾਨ ਮੰਤਰੀ ਦੇ ਹੱਕ ਵਿਚ ਅਤੇ ਸਿੱਖਾਂ ਦੇ ਖ਼ਿਲਾਫ਼ ਨਾਅਰੇ ਲਾਉਂਦੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜ੍ਹੀ! ਭੂਤਰੇ ਹਜੂਮ ਦੇ ਸਿਰ ਨੂੰ ਜਨੂੰਨ ਚੜ੍ਹਿਆ ਹੋਇਆ ਸੀ। ਇਸ ਤੋਂ ਪਹਿਲਾਂ ਭਗਵਾਨ ਸਿੰਘ ਹੋਰੀਂ ਕੋਈ ਬਚਾਓ ਦਾ ਹੀਲਾ ਵਰਤਦੇ, ਭੀੜ੍ਹ ਨੇ ਭਗਵਾਨ ਸਿੰਘ ਨੂੰ ਸ਼ਿਕਾਰ ਵਾਂਗ ਦਬੋਚ ਲਿਆ ਅਤੇ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਣਾ-ਕੋਹਣਾਂ ਸ਼ੁਰੂ ਕਰ ਦਿੱਤਾ। ਬੰਤ ਕੌਰ ਸੁੱਖੀ ਨੂੰ ਬੁੱਕਲ ਵਿਚ ਲੈ ਭੀੜ੍ਹ ਦੇ ਹਾੜ੍ਹੇ ਕੱਢਣ ਲੱਗ ਪਈ। ਪਰ ਸੁਣਨੀ ਕਿਸ ਨੇ ਸੀ? ਸ਼ਰਾਬੀ ਭੀੜ ਤਾਂ ਪਾਗਲ ਹੋਈ ਪਈ ਸੀ। ਭਗਵਾਨ ਸਿੰਘ ਕੁੱਟ ਨਾਲ ਬੇਹੋਸ਼ ਹੋ ਚੁੱਕਾ ਸੀ। ਵਿਹੜੇ ਦੀ ਫ਼ਰਸ਼ 'ਤੇ ਪਏ ਭਗਵਾਨ ਸਿੰਘ ਦੇ ਸਿਰ ਅਤੇ ਮੱਥੇ 'ਚੋਂ ਖ਼ੂਨ ਦੇ ਘਰਾਲ ਚੱਲ ਰਹੇ ਸਨ। ਪੱਗ ਲਹਿ ਕੇ ਦੂਰ ਜਾ ਡਿੱਗੀ ਸੀ ਅਤੇ ਉਸ ਦਾ ਬਰੀਫ਼ਕੇਸ ਪਤਾ ਨਹੀਂ ਕੌਣ ਖੋਹ-ਖਿੰਝ ਕੇ ਲੈ ਗਿਆ ਸੀ? ਭੜ੍ਹਕੀ ਭੀੜ ਨੇ ਬੇਸੁੱਧ ਪਏ ਭਗਵਾਨ ਸਿੰਘ ਦੇ ਉਪਰ ਤੇਲ ਛਿੜਕਿਆ ਅਤੇ ਬੇਰਹਿਮੀ ਨਾਲ ਸੀਖ਼ ਘਸਾ ਕੇ ਲਾ ਦਿੱਤੀ। ਅੱਗ ਦਾ ਲਾਂਬੂ ਇਕ ਦਮ ਅਸਮਾਨ ਨੂੰ ਗਿਆ। ਭਗਵਾਨ ਸਿੰਘ ਇਕ ਵਾਰ ਹੀ ਤੜਪਿਆ ਅਤੇ ਅੱਗ ਦਾ ਰੂਪ ਹੋ ਗਿਆ।

"ਅਰ੍ਹੇ ਬੱਚੇ ਕੋ ਭੀ ਪਕੜੋ!" ਕਿਸੇ ਨੇ ਭੀੜ ਵਿਚੋਂ ਹੁਕਮ ਸੁਣਾਇਆ।"ਨਾ ਭਈਆ, ਯੇਹ ਕਹਿਰ ਮੱਤ ਕਰੋ! ਮੇਰਾ ਮਰਦ ਤੋ ਆਪ ਨੇ ਮਾਰ ਡਾਲਾ, ਅਬ ਮੇਰਾ ਸਹਾਰਾ ਤੋ ਯੇਹ...!" ਤਰਲੇ ਕਰਦੀ ਅਤੇ ਕੁਰਲਾਉਂਦੀ ਬੰਤ ਕੌਰ ਦੇ ਹੱਥੋਂ ਕਈ ਜਾਣਿਆਂ ਨੇ ਸੁੱਖੀ ਖੋਹ ਲਿਆ ਅਤੇ ਉਸ ਉਪਰ ਵੀ ਤੇਲ ਡੋਲ੍ਹ ਕੇ ਅੱਗ ਲਾ ਦਿੱਤੀ। ਸੜਦੇ ਸੁੱਖੀ ਦੀ ਇੱਕ ਹਿਰਦੇਵੇਧਕ ਚੀਕ ਨਿਕਲੀ ਅਤੇ ਉਹ ਸੁੰਡੀ ਵਾਂਗ ਤੜਪਦਾ ਚੁੱਪ ਹੋ ਗਿਆ ਸੀ। ਮਾਨੁੱਖੀ ਮਾਸ ਦੀ ਬੂਅ ਸਿਰ ਨੂੰ ਚੜ੍ਹਦੀ ਸੀ।ਤੁਰਦੇ-ਫ਼ਿਰਦੇ ਅਤੇ ਹੱਸਦੇ-ਖੇਡਦੇ ਦੋ ਜੀਅ ਕੋਠੀ ਦੇ ਵਿਹੜੇ ਵਿਚ ਲੱਟ-ਲੱਟ ਮੱਚ ਰਹੇ ਸਨ ਅਤੇ ਬੰਤ ਕੌਰ ਉਹਨਾਂ ਦੁਆਲੇ ਬੈਠੀ ਛਾਤੀ ਪਿੱਟ ਕੇ ਵਿਰਲਾਪ ਕਰ ਰਹੀ ਸੀ। ਪਰ ਉਸ ਦਾ ਵਿਰਲਾਪ ਸੁਣਨ ਵਾਲਾ ਉਥੇ ਕੋਈ ਨਹੀਂ ਸੀ। ਹੁਣ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗ-ਵਗ ਕੇ ਵੀ ਮੁੱਕ ਗਏ ਸਨ।"ਅਬੇ ਸਰਦਾਰਨੀ ਕਾ ਕਿਆ ਕਰਨਾ ਹੈ?" ਭੀੜ ਵਿਚੋਂ ਕਿਸੇ ਬਦਸੂਰਤ ਜਿਹੇ ਚਿਹਰੇ ਵਾਲੇ ਨੇ ਪੁੱਛਿਆ।"ਅਭੀ ਸਮਾਂ ਨਹੀਂ ਹੈ ਮੇਰੇ ਭਾਈ, ਸਰਦਾਰਨੀ ਕਾ ਹਾਲ ਕਭੀ ਫ਼ਿਰ ਪੂਛੇਂਗੇ! ਜਾਏਗੀ ਕਹਾਂ?"

ਹੱਸਦੀ ਵਸਦੀ ਬੰਤ ਕੌਰ ਨੂੰ ਪਲ ਵਿਚ ਉਜਾੜ ਕੇ ਭੀੜ ਲੁੱਡੀਆਂ ਪਾਉਂਦੀ ਚਲੀ ਗਈ।

...ਤੇ ਹੁਣ ਜਦ ਵੀ ਕਿਤੇ ਉਹ ਲੋਹੜੀ ਬਲਦੀ ਦੇਖਦੀ ਤਾਂ ਉਸ ਨੂੰ ਆਪਣੇ ਪੁੱਤ ਸੁੱਖੀ ਅਤੇ ਮਾਹੀ ਭਗਵਾਨ ਸਿੰਘ ਦੀਆਂ ਬਲਦੀਆਂ ਲਾਸ਼ਾਂ ਦਾ ਚੇਤਾ ਆ ਜਾਂਦਾ ਅਤੇ ਉਹ ਲੋਹੜੀ ਵੇਲੇ ਬੂਹੇ-ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀ....।

...............................................................................................................................
                          ✱✱✱✱✱✱✱✱✱✱✱✱✱✱✱✱✱✱✱✱✱✱✱✱✱✱
..........................................................................................................................................................................
ਤੁਸੀਂ ਇਥੇ ਕਹਾਣੀ ਬਾਰੇ ਆਪਣੇ ਵਿਚਾਰ ਸਾਹਜੇ ਕਰ ਸਕਦੇ ਹੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ